ਜੱਦ ਵੀ ਹੋਈ ਜੰਗ ਪਾਕਿ ਨੂੰ ਖਾਣੀ ਪਈ ਮੂੰਹ ਦੀ

by mediateam

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਜਦੋਂ-ਜਦੋਂ ਪਾਕਿਸਤਾਨ ਨੇ ਜੰਗ ਦੀ ਹਿੰਮਤ ਕੀਤੀ ਹੈ, ਨੂੰ ਮੂੰਹ ਦੀ ਖਾਣੀ ਪਈ। ਇਤਿਹਾਸ ਗਵਾਹ ਹੈ ਕਿ 1965 ਤੋਂ ਹੁਣ ਤੱਕ ਜਦੋਂ-ਜਦੋਂ ਵੀ ਪਾਕਿਸਤਾਨ ਜੰਗ ਦੇ ਮੈਦਾਨ ਵਿਚ ਉਤਰਿਆ, ਨੂੰ ਕਰਾਰੀ ਹਾਰ ਹੋਈ।

1965 ਦੀ ਜੰਗ 'ਚ ਭਾਰਤੀ ਫੌਜ ਨੇ ਵਿਖਾਈ ਸੀ ਤਾਕਤ
1965 ਦੀ ਜੰਗ ਪਾਕਿਸਤਾਨ ਦੇ ਆਪ੍ਰੇਸ਼ਨ ਜਿਬਰਾਲਟਰ ਨਾਲ ਸ਼ੁਰੂ ਹੋਈ ਸੀ। ਪਾਕਿਸਤਾਨ ਦੀ ਸਾਜ਼ਿਸ਼ ਸੀ ਕਿ ਜੰਮੂ-ਕਸ਼ਮੀਰ ਵਿਚ ਫੌਜ ਭੇਜ ਕੇ ਉਥੇ ਭਾਰਤੀ ਹੁਕਮਰਾਨਾਂ ਵਿਰੁੱਧ ਬਗਾਵਤ ਸ਼ੁਰੂ ਕੀਤੀ ਜਾਏ। ਇਸ ਦੇ ਜਵਾਬ ਵਿਚ ਭਾਰਤ ਨੇ ਪੱਛਮੀ ਪਾਕਿਸਤਾਨ 'ਚ ਵੱਡੀ ਪੱਧਰ 'ਤੇ ਹਮਲੇ ਸ਼ੁਰੂ ਕੀਤੇ। 17 ਦਿਨ ਤੱਕ ਚੱਲੀ ਇਸ ਜੰਗ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮਾਰੇ ਗਏ। ਆਖਿਰ ਉਸ ਵੇਲੇ ਦੇ ਸੋਵੀਅਤ ਸੰਘ ਅਤੇ ਸੰਯੁਕਤ ਰਾਸ਼ਟਰ ਦੇ ਦਖਲ ਦੇਣ ਨਾਲ ਜੰਗਬੰਦੀ ਹੋਈ।


1971 ਦੀ ਜੰਗ ਦੌਰਾਨ ਪਾਕਿ ਦੇ 90 ਹਜ਼ਾਰ ਫੌਜੀਆਂ ਨੇ ਕੀਤਾ ਸੀ ਸਰੰਡਰ
1971 ਦੀ ਭਾਰਤ-ਪਾਕਿ ਜੰਗ ਦੌਰਾਨ ਭਾਰਤ ਨੇ ਏਅਰ ਸਟ੍ਰਾਈਕ ਰਾਹੀਂ ਪਾਕਿਸਤਾਨ ਨੂੰ ਧੂੜ ਚਟਾਈ ਸੀ। 1971 ਦੀ ਜੰਗ ਨੂੰ ਭਾਰਤ 14 ਦਿਨ ਅੰਦਰ ਹੀ ਜਿੱਤ ਗਿਆ ਸੀ। ਉਦੋਂ ਬੰਗਲਾਦੇਸ਼ ਇਕ ਨਵੇਂ ਦੇਸ਼ ਵਜੋਂ ਉਭਰ ਕੇ ਸਾਹਮਣੇ ਆਇਆ। ਆਜ਼ਾਦ ਬੰਗਲਾਦੇਸ਼ ਦੇ ਨਿਰਮਾਣ ਵਿਚ ਮੁੱਖ ਭੂਮਿਕਾ ਉਸ ਅੱਤਿਆਚਾਰ ਦੀ ਸੀ, ਜੋ ਪੱਛਮੀ ਪਾਕਿਸਤਾਨ ਪੂਰਬੀ ਪਾਕਿਸਤਾਨ 'ਤੇ ਕਰ ਰਿਹਾ ਸੀ। 1971 ਦੀ ਭਾਰਤ-ਪਾਕਿ ਜੰਗ ਦੌਰਾਨ ਪਾਕਿ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।


1999 'ਚ ਕਾਰਗਿਲ ਜੰਗ ਦੌਰਾਨ ਚੱਟੀ ਸੀ ਧੂੜ
20 ਸਾਲ ਪਹਿਲਾਂ 1999 ਵਿਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਤੀਜੀ ਜੰਗ ਹੋਈ ਸੀ। ਇਸ ਨੂੰ ਕਾਰਗਿਲ ਦੀ ਜੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਵਿਚ ਭਾਰਤ ਨੇ ਪਾਕਿ ਨੂੰ ਧੂੜ ਚਟਾਈ ਸੀ। ਅਸਲ ਵਿਚ 5 ਮਈ 1999 ਨੂੰ ਪਾਕਿਸਤਾਨ  ਦੀ ਫੌਜ ਨੇ 23 ਸਾਲ ਦੇ ਕੈਪਟਨ ਸੌਰਵ ਕਾਲੀਆ ਅਤੇ ਉਨ੍ਹਾਂ ਦੇ 5 ਸਾਥੀਆਂ ਨੂੰ ਬੰਧਕ ਬਣਾ ਲਿਆ ਸੀ। ਭਾਰਤ ਨੂੰ ਜਦੋਂ ਉਨ੍ਹਾਂ ਦੀਆਂ ਲਾਸ਼ਾਂ ਸੌਂਪੀਆਂ ਗਈਆਂ ਤਾਂ ਪਤਾ ਲੱਗਾ ਕਿ ਮੌਤ ਤੋਂ ਪਹਿਲਾਂ ਉਨ੍ਹਾਂ 'ਤੇ ਤਸ਼ੱਦਦ ਕੀਤਾ ਗਿਆ ਸੀ। ਉਸ ਪਿੱਛੋਂ ਪਤਾ ਲੱਗਾ ਕਿ   ਪਾਕਿਸਤਾਨੀ ਫੌਜ ਨੇ ਕਾਰਗਿਲ ਦੀਆਂ ਪਹਾੜੀਆਂ 'ਤੇ ਕਬਜ਼ਾ ਕਰ ਲਿਆ ਹੈ। ਕਾਰਗਿਲ ਇਲਾਕੇ ਤੋਂ ਦੁਸ਼ਮਣਾਂ ਨੂੰ ਬਾਹਰ ਕੱਢਣ ਲਈ 'ਆਪ੍ਰੇਸ਼ਨ ਵਿਜੇ' ਚਲਾਇਆ ਗਿਆ ਸੀ।


2016 'ਚ ਸਰਜੀਕਲ ਸਟ੍ਰਾਈਕ
18 ਸਤੰਬਰ 2016 ਨੂੰ ਉੜੀ ਹਮਲੇ ਵਿਚ 19 ਜਵਾਨਾਂ ਦੇ ਸ਼ਹੀਦ ਹੋਣ ਪਿੱਛੋਂ ਭਾਰਤ ਨੇ ਪਾਕਿਸਤਾਨ ਵਿਚ ਦਾਖਲ ਹੋ ਕੇ ਸਰਜੀਕਲ ਸਟ੍ਰਾਈਕ ਨੂੰ ਅੰਜਾਮ ਦਿੱਤਾ। ਅੱਤਵਾਦੀ ਟਿਕਾਣਿਆਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਇਸ ਹਮਲੇ ਕਾਰਨ ਪਾਕਿਸਤਾਨ ਬੌਖਲਾ ਗਿਆ ਪਰ ਇਸ ਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ।