
ਨਵੀਂ ਦਿੱਲੀ (ਰਾਘਵ) : ਅਪਰੇਸ਼ਨ ਸਿੰਦੂਰ ਦੌਰਾਨ ਭਾਰਤ ਤੋਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਪਾਕਿਸਤਾਨ ਹੁਣ ਆਪਣਾ ਰੱਖਿਆ ਬਜਟ ਵਧਾਏਗਾ। ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਆਗਾਮੀ ਵਿੱਤੀ ਸਾਲ 2025-26 ਲਈ ਰੱਖਿਆ ਬਜਟ ਵਧਾਇਆ ਜਾਵੇਗਾ। ਮੰਤਰੀ ਨੇ ਕਿਹਾ ਕਿ ਸਰਕਾਰ ਆਮ ਲੋਕਾਂ 'ਤੇ ਬੋਝ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ 'ਪਾਕਿਸਤਾਨ ਦੀ ਪ੍ਰਭੂਸੱਤਾ ਦੀ ਰੱਖਿਆ' ਲਈ ਰੱਖਿਆ ਖਰਚ ਵਿੱਚ ਵਾਧਾ ਜ਼ਰੂਰੀ ਹੈ।
ਇਕਬਾਲ ਨੇ ਕਿਹਾ, "ਸਾਡਾ ਰਾਸ਼ਟਰੀ ਫਰਜ਼ ਹੈ ਕਿ ਸਾਡੀਆਂ ਹਥਿਆਰਬੰਦ ਸੈਨਾਵਾਂ ਨੂੰ ਹਰ ਉਹ ਚੀਜ਼ ਮੁਹੱਈਆ ਕਰਾਈ ਜਾਵੇ ਜਿਸਦੀ ਉਨ੍ਹਾਂ ਨੂੰ ਲੋੜ ਹੈ ਤਾਂ ਜੋ ਉਹ ਭਵਿੱਖ ਵਿੱਚ ਦੇਸ਼ ਦੀ ਰੱਖਿਆ ਕਰ ਸਕਣ। ਇਹ ਸਾਬਤ ਹੋ ਗਿਆ ਹੈ ਕਿ ਸਾਡਾ ਗੁਆਂਢੀ (ਭਾਰਤ) ਖਤਰਨਾਕ ਹੈ, ਜਿਸ ਨੇ ਰਾਤ ਦੇ ਹਨੇਰੇ ਵਿੱਚ ਸਾਡੇ 'ਤੇ ਹਮਲਾ ਕੀਤਾ, ਪਰ ਅਸੀਂ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ।" ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਹੋਰ ਹਮਲਾ ਹੁੰਦਾ ਹੈ ਤਾਂ ਦੇਸ਼ ਨੂੰ ਜਵਾਬ ਦੇਣ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ। ਇਹ ਫੈਸਲਾ ਭਾਰਤ ਨਾਲ ਤਾਜ਼ਾ ਤਣਾਅ ਅਤੇ ਭਾਰਤ ਵੱਲੋਂ ਸਿੰਧੂ ਨਦੀ ਦੇ ਪਾਣੀ ਦੀ ਵੰਡ ਨੂੰ ਮੁਅੱਤਲ ਕਰਨ ਦੇ ਮੱਦੇਨਜ਼ਰ ਲਿਆ ਗਿਆ ਹੈ।
ਪਾਕਿਸਤਾਨੀ ਜਲ ਸੁਰੱਖਿਆ ਬਾਰੇ ਬੋਲਦਿਆਂ ਇਕਬਾਲ ਨੇ ਕਿਹਾ ਕਿ ਦੇਸ਼ ਦੀਆਮੇਰ-ਭਾਸ਼ਾ ਅਤੇ ਮੋਹਮੰਦ ਡੈਮਾਂ ਸਮੇਤ ਜਲ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਏਗਾ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਨੂੰ ਪਹਿਲ ਦੇ ਰਹੇ ਹਾਂ ਤਾਂ ਜੋ ਪਾਕਿਸਤਾਨ ਦਾ ਪਾਣੀ ਸੁਰੱਖਿਅਤ ਰਹੇ। ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਖੇਤੀਬਾੜੀ ਇੰਜੀਨੀਅਰਾਂ ਦੀ ਇੱਕ ਟੀਮ ਨੂੰ ਸਿਖਲਾਈ ਲਈ ਚੀਨ ਭੇਜਿਆ ਹੈ, ਜਿੱਥੋਂ ਉਹ ਇਸ ਸਾਲ ਸਿਖਲਾਈ ਪੂਰੀ ਕਰਨ ਤੋਂ ਬਾਅਦ ਵਾਪਸ ਪਰਤਣਗੇ ਅਤੇ ਪਾਕਿਸਤਾਨ ਵਿੱਚ “ਹਰੇ ਇਨਕਲਾਬ 2.0” ਲਿਆਉਣ ਵਿੱਚ ਮਦਦ ਕਰਨਗੇ। ਉੰਨਾ ਕਿਹਾ “ਅਸੀਂ ਆਪਣੇ ਖੁਦ ਦੇ ਬੀਜ ਵਿਕਸਿਤ ਕਰਨਾ ਚਾਹੁੰਦੇ ਹਾਂ ਅਤੇ ਡੇਅਰੀ ਅਤੇ ਪਸ਼ੂ ਪਾਲਣ ਖੇਤਰ ਨੂੰ ਆਧੁਨਿਕ ਬਣਾਉਣਾ ਚਾਹੁੰਦੇ ਹਾਂ।" ਇਸ ਦੇ ਨਾਲ ਹੀ ਇਕਬਾਲ ਨੇ ਇਹ ਵੀ ਦੱਸਿਆ ਕਿ ਬਜਟ ਵਿੱਚ ਇੰਜੀਨੀਅਰਾਂ ਲਈ ਇੰਟਰਨਸ਼ਿਪ ਪ੍ਰੋਗਰਾਮ ਸ਼ਾਮਲ ਕੀਤਾ ਗਿਆ ਹੈ। ਦੇਸ਼ ਭਰ ਦੇ ਹਜ਼ਾਰਾਂ ਨੌਜਵਾਨ ਇੰਜੀਨੀਅਰ ਨੌਕਰੀ ਦੌਰਾਨ ਸਿਖਲਾਈ ਪ੍ਰਾਪਤ ਕਰਨਗੇ ਜੋ ਉਨ੍ਹਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨਗੇ।