ਪਾਕਿਸਤਾਨ ਫੌਜ ਨੇ ਲਾਪਤਾ ਭਾਰਤੀ ਨਾਗਰਿਕ ਭਾਰਤੀ ਫੌਜ ਨੂੰ ਸੌਂਪਿਆ

by jaskamal

ਨਿਊਜ਼ ਡੈਸਕ : ਪਾਕਿਸਤਾਨੀ ਫੌਜ ਨੇ ਕਰੀਬ 15 ਮਹੀਨੇ ਪਹਿਲਾਂ ਲਾਪਤਾ ਹੋਏ ਇਕ ਭਾਰਤੀ ਨਾਗਰਿਕ ਨੂੰ ਵੀਰਵਾਰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) 'ਤੇ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਪੁੰਛ ਦੇ ਕਾਸਬਾ ਪਿੰਡ ਦਾ ਵਸਨੀਕ ਮੁਹੰਮਦ ਜਾਵੇਦ (37) ਦਸੰਬਰ 2020 'ਚ ਲਾਪਤਾ ਹੋ ਗਿਆ ਸੀ ਤੇ ਉਸ ਦਾ ਕਿਤੇ ਵੀ ਪਤਾ ਨਹੀਂ ਲੱਗਾ। ਪਾਕਿਸਤਾਨੀ ਫੌਜ ਨੇ ਹਾਲ ਹੀ 'ਚ ਭਾਰਤੀ ਫੌਜ ਨਾਲ ਸੰਪਰਕ ਕੀਤਾ ਤੇ ਜਾਵੇਦ ਦੇ ਸਰਹੱਦ ਪਾਰ ਕਰਨ ਦੀ ਸੂਚਨਾ ਦਿੱਤੀ।

ਜਾਵੇਦ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸੰਕੇਤ ਮਿਲਿਆ ਕਿ ਹੋ ਸਕਦਾ ਹੈ ਕਿ ਉਹ ਅਣਜਾਣੇ 'ਚ ਕੰਟਰੋਲ ਰੇਖਾ ਪਾਰ ਕਰ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) 'ਚ ਚਲਾ ਗਿਆ ਹੋਵੇ, ਜਿਸ ਕਰਕੇ ਫੌਜ ਨੇ ਸਥਾਨਕ ਪੁਲਸ ਨਾਲ ਵੇਰਵਿਆਂ ਦੀ ਜਾਂਚ ਕੀਤੀ, ਜਿਸ 'ਚ ਜਾਵੇਦ ਦੇ ਆਪਣੀ ਰਿਹਾਇਸ਼ ਤੋਂ ਲਾਪਤਾ ਹੋਣ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਨੇ ਜਾਵੇਦ ਨੂੰ ਸਥਾਨਕ ਪੁਲਸ ਤੇ ਨਾਗਰਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਪੁੰਛ 'ਚ ਕੰਟਰੋਲ ਰੇਖਾ 'ਤੇ ਚੱਕਾ ਦਾ ਬਾਗ ਕਰਾਸਿੰਗ ਪੁਆਇੰਟ 'ਤੇ ਭਾਰਤੀ ਫੌਜ ਨੂੰ ਸੌਂਪ ਦਿੱਤਾ। ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਜਾਵੇਦ ਨੂੰ ਉਸ ਦੇ ਪਰਿਵਾਰ ਹਵਾਲੇ ਕੀਤਾ ਜਾ ਰਿਹਾ ਹੈ।