ਪਾਕਿਸਤਾਨ ਦੀ ਕਰਤੂਤ ਕਰਤਾਰਪੁਰ ਸਾਹਿਬ ਵਿੱਚ ਲਗਾਇਆ ਇਹ ਬੋਰਡ

by

ਨਵੀਂ ਦਿੱਲੀ (Vikram Sehajpal) : ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦਾ ਦੋਗਲਾ ਚੇਹਰਾ ਇੱਕ ਵਾਰ ਮੁੜ ਤੋਂ ਸਾਹਮਣੇ ਆਇਆ ਹੈ। ਦਰਅਸਲ ਕਰਤਾਰਪੁਰ ਸਾਹਿਬ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿੱਚ ਇੱਕ ਬੋਰਡ ਲਗਾਇਆ ਗਿਆ ਹੈ ਜੋ ਕਿ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲਾ ਹੈ। ਦਰਅਸਲ ਦਿੱਲੀ ਤੋਂ ਬੀਜੇਪੀ ਦੇ ਇੱਕ ਬੁਲਾਰੇ ਤਜਿੰਦਰਪਾਲ ਸਿੰਘ ਬੱਗਾ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਬੋਰਡ ਦੀ ਫੋਟੋ ਸ਼ੇਅਰ ਕੀਤੀ ਹੈ ਜਿਸ ਉੱਤੇ ਪੰਜਾਬੀ, ਅੰਗਰੇਜ਼ੀ ਅਤੇ ਉਰਦੂ ਵਿੱਚ ਲਿਖਿਆ ਹੈ, "ਭਾਰਤੀ ਹਵਾਈ ਫ਼ੌਜ ਨੇ 1971 ਵਿਚ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨੂੰ ਨਸ਼ਟ ਕਰਨ ਲਈ ਉੱਥੇ ਬੰਬ ਸੁੱਟਿਆ ਸੀ ਪਰ ਅਜਿਹਾ ਨਹੀਂ ਹੋ ਸਕਿਆ ਅਤੇ ਵਾਹਿਗੁਰੂ ਜੀ ਦੇ ਚਮਤਕਾਰ ਕਾਰਨ ਬੰਬ ਸ੍ਰੀ ਖੂਹ ਸਾਹਿਬ ਉੱਤੇ ਡਿੱਗ ਗਿਆ। 


ਇਸ ਤਰ੍ਹਾਂ ਦਰਬਾਰ ਸਾਹਿਬ ਨੂੰ ਨਸ਼ਟ ਹੋਣ ਤੋਂ ਬਚਾ ਲਿਆ।" ਅਜੇ ਤੱਕ ਕਿਸੇ ਵੀ ਭਾਰਤੀ ਅਧਿਕਾਰੀ ਵੱਲੋਂ ਇਸ ਮੁੱਦੇ ਉੱਤੇ ਕੋਈ ਵੀ ਬਿਆਨ ਨਹੀਂ ਆਇਆ ਹੈ। ਉਂਝ ਇਹ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ਨੇ ਅਜਿਹਾ ਕੀਤਾ ਹੈ ਇਸ ਤੋਂ ਪਹਿਲਾਂ ਵੀ ਬੀਤੇ ਦਿਨੀ ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਮੌਕੇ ਕਾਰਤਾਰਪੁਰ ਲਾਂਘੇ ਨੂੰ ਲੈ ਕੇ ਇੱਕ ਗੀਤ ਜਾਰੀ ਕੀਤਾ ਸੀ ਜਿਸ ਵਿੱਚ ਸੰਤ ਭਿੰਡਰਾਂਵਾਲਾ ਦੇ ਪੋਸਟਰ ਵਿਖਾਈ ਦਿੱਤੇ ਸਨ।ਇੰਨਾ ਹੀ ਨਹੀਂ ਪਾਕਿਸਤਾਨ ਆਪਣੀਆਂ ਕਹੀਆਂ ਹੋਈਆਂ ਗੱਲਾਂ ਤੋਂ ਹੀ ਪਲਟ ਰਿਹਾ ਹੈ। 


ਪਾਕਿਸਤਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਜ਼ਰੂਰੀ ਨਹੀਂ ਹੈ ਪਰ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਪਾਸਪੋਰਟ ਹੋਣਾ ਚਾਹੀਦਾ ਹੈ।ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨ ਆਪਣੀਆਂ ਹੀ ਗੱਲਾਂ ਉੱਤੇ ਨਹੀਂ ਟਿਕ ਰਿਹਾ ਅਤੇ ਵਾਰ-ਵਾਰ ਆਪਣੇ ਹੀ ਬਿਆਨਾਂ ਤੋਂ ਪਲਟ ਰਿਹਾ ਹੈ।