ਲਾਹੌਰ ਡੈਸਕ (Vikram Sehajpal) : ਅਯੁੱਧਿਆ ਮਾਮਲੇ 'ਤੇ ਭਾਰਤੀ ਸੁਪਰੀਮ ਕੋਰਟ ਦੇ ਫ਼ੈਸਲੇ ਤੇ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਵੀ ਨਜ਼ਰਾਂ ਟਿਕੀਆਂ ਹੋਈਆਂ ਸਨ। ਪਾਕਿਸਤਾਨ ਦੇ ਜ਼ਿਆਦਾਤਰ ਪ੍ਰਮੁੱਖ ਅਖ਼ਬਾਰਾਂ ਵਿੱਚ ਅਯੁੱਧਿਆ ਮਾਮਲੇ ਨੂੰ ਪ੍ਰਮੁੱਖਤਾ ਨਾਲ ਜਗ੍ਹਾ ਦਿੱਤੀ ਗਈ ਹੈ। ਇਸੇ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਯੁੱਧਿਆ ਮਾਮਲੇ ਉੱਤੇ ਫ਼ੈਸਲੇ ਦੀ ਟਾਈਮਿੰਗ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ ਹੈ।
ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਜਿਸ ਦਿਨ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਹੋ ਰਿਹਾ ਹੈ, ਉਸੇ ਵੇਲੇ ਅਯੁੱਧਿਆਮਾਮਲੇ 'ਤੇ ਫ਼ੈਸਲਾ ਸੁਣਾਇਆ ਜਾ ਰਿਹਾ ਹੈ। ਅਖ਼ਬਾਰ 'ਡਾਨ' ਨਾਲ ਗੱਲਬਾਤ ਦੌਰਾਨ ਕੁਰੈਸ਼ੀ ਨੇ ਕਿਹਾ ਕਿ ਕੀ ਅਯੁੱਧਿਆ ਮਾਮਲੇ 'ਤੇ ਫ਼ੈਸਲੇ ਲਈ ਕੁਝ ਦਿਨਾਂ ਦੀ ਉਡੀਕ ਨਹੀਂ ਕੀਤੀ ਜਾ ਸਕਦੀ ਸੀ? ਅਜਿਹੀ ਖ਼ੁਸ਼ੀ ਮੌਕੇ ਗ਼ੈਰ-ਸੰਵੇਦਨਸ਼ੀਲਤਾ ਵੇਖ ਕੇ ਮੈਂ ਬਹੁਤ ਦੁਖੀ ਹਾਂ।
ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਤੁਹਾਨੂੰ ਖ਼ੁਸ਼ੀ ਦੇ ਇਸ ਮੌਕੇ ਸ਼ਾਮਲ ਹੋਣਾ ਚਾਹੀਦਾ ਸੀ ਤੇ ਲੋਕਾਂ ਦਾ ਧਿਆਨ ਭਟਕਾਉਣ ਦਾ ਜਤਨ ਨਹੀਂ ਕਰਨਾ ਚਾਹੀਦਾ ਸੀ। ਅਯੁੱਧਿਆ ਮਾਮਲਾ ਨਾਜ਼ੁਕ ਮੁੱਦਾ ਹੈ ਤੇ ਇਸ ਨੂੰ ਅੱਜ ਖ਼ੁਸ਼ੀ ਦੇ ਦਿਹਾੜੇ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ ਸੀ।



