ਕਰਾਚੀ (Vikram Sehajpal) : ਪਾਕਿਸਤਾਨ ਦੇ ਫ਼ੌਜੀ ਜਹਾਜ਼ ਨੂੰ ਤਬਾਹ ਕਰਨ ਵਾਲੇ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੀ ਆਪਣੀ ਅਲੱਗ ਤੋਂ ਬਣਾਈ ਹੋਈ ਕਹਾਣੀ ਨੂੰ ਪਾਕਿਸਤਾਨ ਨੇ ਇੱਕ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤਾ ਹੈ।ਜਾਣਕਾਰੀ ਮੁਤਾਬਕ ਪਾਕਿਸਤਾਨੀ ਹਵਾਈ ਫ਼ੌਜ ਨੇ ਆਪਣੇ ਅਜਾਇਬ ਘਰ ਵਿੱਚ ਇੱਕ ਅਭਿਨੰਦਨ ਗੈਲਰੀ ਬਣਾਈ ਹੈ ਜਿਸ ਨੂੰ ਹੁਣ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਪਾਕਿਸਤਾਨੀ ਹਵਾਈ ਫ਼ੌਜ ਦਾ ਦਾਅਵਾ ਹੈ ਕਿ ਇਸ ਗੈਲਰੀ ਵਿੱਚ ਅਭਿਨੰਦਨ ਕੋਲੋਂ ਮਿਲੀਆਂ ਚੀਜ਼ਾਂ ਅਤੇ ਉਸ ਵੱਲੋਂ ਤਬਾਹ ਕੀਤੇ ਗਏ ਜਹਾਜ਼ ਦੇ ਬਚੇ ਹੋਏ ਹਿੱਸਿਆਂ ਨੂੰ ਰੱਖਿਆ ਗਿਆ ਹੈ।
ਇੱਕ ਰਿਪੋਰਟ ਮੁਤਾਬਕ ਗੈਲਰੀ ਵਿੱਚ ਅਭਿਨੰਦਨ ਦਾ ਇੱਕ ਪੁਤਲਾ ਵੀ ਲਗਾਇਆ ਗਿਆ ਹੈ ਜਿਸ ਵਿੱਚ ਉਹ ਵਰਦੀ ਵਿੱਚ ਨਜ਼ਰ ਆ ਰਿਹਾ ਹੈ। ਇਸ ਵਿੱਚ ਅਭਿਨੰਦਨ ਦੀ ਘੜੀ, ਉਸ ਕੋਲੋਂ ਮਿਲੇ ਨਕਸ਼ੇ, ਹੋਰ ਸਮਾਨ ਅਤੇ ਉਨ੍ਹਾਂ ਦੇ ਜਹਾਜ਼ ਦੇ ਟੁਕੜੇ ਰੱਖੇ ਗਏ ਹਨ।
ਦੱਸ ਦਈਏ ਕਿ ਇਸੇ ਸਾਲ ਫਰਵਰੀ ਵਿਚ, ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਬਾਲਾਕੋਟ ਵਿਚ ਅੱਤਵਾਦੀਆਂ ਉੱਤੇ ਹਵਾਈ ਹਮਲਾ ਕੀਤਾ ਸੀ। ਬਾਅਦ ਵਿਚ ਪਾਕਿਸਤਾਨੀ ਹਵਾਈ ਜਹਾਜ਼ਾਂ ਨੇ ਭਾਰਤੀ ਹਵਾਈ ਫ਼ੌਜ ਦੀ ਉਲੰਘਣਾ ਕਰਕੇ ਇਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਭਾਰਤੀ ਹਵਾਈ ਫ਼ੌਜ ਨੇ ਨਾਕਾਮ ਕਰ ਦਿੱਤਾ ਸੀ ਅਤੇ ਅਭਿਨੰਦਨ ਨੂੰ ਉਸੇ ਸਮੇਂ ਪਾਕਿਸਤਾਨ ਨੇ ਹਿਰਾਸਤ ਵਿਚ ਲੈ ਲਿਆ ਸੀ। ਹਾਲਾਂਕਿ, ਭਾਰਤੀ ਕਾਰਵਾਈ ਦੇ ਖਦਸ਼ੇ ਕਾਰਨ ਉਸ ਨੂੰ ਛੇਤੀ ਹੀ ਛੱਡ ਦਿੱਤਾ ਗਿਆ ਸੀ।



