ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ‘ਕੁਰਸੀ’ ਖ਼ਤਰੇ ‘ਚ ਦੇਖ ਯਾਦ ਕੀਤਾ ਭਾਰਤ ਕਿਹਾ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੀ ਸੁਤੰਤਰ ਵਿਦੇਸ਼ ਨੀਤੀ ਨੂੰ ਜਨਤਕ ਤੌਰ 'ਤੇ ਸਵੀਕਾਰ ਕੀਤਾ ਹੈ। ਖਾਨ ਨੇ ਕਿਹਾ ਕਿ ਭਾਰਤ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਦੀ ਦਰਾਮਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਕੱਟੜ ਵਿਰੋਧੀ ਇਮਰਾਨ ਖਾਨ ਨੇ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਰੈਲੀ ਵਿੱਚ ਭਾਰਤ ਦੀ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਦੀ ਆਜ਼ਾਦ ਵਿਦੇਸ਼ ਨੀਤੀ ਨੂੰ ਸਲਾਮ ਕਰਦੇ ਹਨ ਜੋ ਉਹਨਾਂ ਦੇ ਆਪਣੇ ਹੀ ਲੋਕਾਂ ਲਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਅਮਰੀਕਾ ਅਤੇ ਉਸ ਦੇ ਸਹਿਯੋਗੀ ਯੂਰਪੀ ਦੇਸ਼ਾਂ ਨੇ ਰੂਸ 'ਤੇ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਦੇ ਬਾਵਜੂਦ ਭਾਰਤ ਰੂਸ ਤੋਂ ਤੇਲ ਦੀ ਦਰਾਮਦ ਕਰ ਰਿਹਾ ਹੈ ਅਤੇ ਕਵਾਡ 'ਚ ਅਮਰੀਕਾ ਦਾ ਸਹਿਯੋਗੀ ਬਣਿਆ ਹੋਇਆ ਹੈ।

ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਵਿਦੇਸ਼ ਨੀਤੀ ਵੀ ਪਾਕਿਸਤਾਨ ਦੇ ਲੋਕਾਂ ਲਈ ਹੈ। ਉਹਨਾਂ ਨੇ ਕਿਹਾ ਕਿ ਮੈਂ ਕਿਸੇ ਅੱਗੇ ਨਹੀਂ ਝੁਕਿਆ ਅਤੇ ਨਾ ਹੀ ਆਪਣੇ ਦੇਸ਼ ਨੂੰ ਕਿਸੇ ਅੱਗੇ ਝੁਕਣ ਦਿਆਂਗਾ। ਜਨਤਕ ਤੌਰ 'ਤੇ ਵਿਦੇਸ਼ੀ ਸਬੰਧਾਂ 'ਤੇ ਚਰਚਾ ਨਾ ਕਰਨ ਦੀ ਰਵਾਇਤ ਨੂੰ ਤੋੜਦੇ ਹੋਏ ਇਮਰਾਨ ਨੇ ਕਿਹਾ ਕਿ ਯੂਰਪੀ ਸੰਘ ਦੇ ਡਿਪਲੋਮੈਟਾਂ ਨੇ ਯੂਕ੍ਰੇਨ 'ਤੇ ਹਮਲੇ ਦੇ ਵਿਰੋਧ 'ਚ ਰੂਸ ਦੇ ਖ਼ਿਲਾਫ਼ ਪਾਕਿਸਤਾਨ ਦਾ ਸਮਰਥਨ ਮੰਗਿਆ ਸੀ ਪਰ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ ਸੀ।