ਬੰਦ ਕਰੇ ਪਾਕਿਸਤਾਨ ਆਪਣੀ ਅੱਤਵਾਦੀ ਗਤੀਵਿਧਿਆਂ : ਲਾਇਡ ਆਸਟਿਨ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ) : ਅਮਰੀਕਾ ਨੇ ਪਾਕਿਸਤਾਨ ਨੂੰ ਸਪਸ਼ਟ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੀ ਸਰਹੱਦ ਤੋਂ ਅੱਤਵਾਦੀਆਂ ਨੂੰ ਅਫ਼ਗਾਨਿਸਤਾਨ 'ਚ ਪ੍ਰਵੇਸ਼ ਕਰਵਾਉਣਾ ਬੰਦ ਕਰੇ। ਅਮਰੀਕਾ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਆਪਣੇ ਖੇਤਰ 'ਚ ਅੱਤਵਾਦੀਆਂ ਦੇ ਕੈਂਪ ਵੀ ਤੁਰੰਤ ਖ਼ਤਮ ਕਰ ਦੇਵੇ।

ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਦੀ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਫੋਨ 'ਤੇ ਗੱਲਬਾਤ ਹੋਈ। ਰੱਖਿਆ ਮੰਤਰਾਲੇ ਦੇ ਤਰਜਮਾਨ ਜਾਨ ਕਿਰਵੀ ਨੇ ਦੱਸਿਆ ਕਿ ਪਾਕਿ ਨੂੰ ਸਪਸ਼ਟ ਰੂਪ 'ਚ ਕਹਿ ਦਿੱਤਾ ਗਿਆ ਹੈ ਕਿ ਉਹ ਆਪਣੀ ਜ਼ਮੀਨ ਨੂੰ ਅੱਤਵਾਦੀਆਂ ਨੂੰ ਇਸਤੇਮਾਲ ਨਾ ਕਰਨ ਦੇਵੇ। ਉਨ੍ਹਾਂ ਪਾਕਿ ਨੂੰ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਫ਼ਗਾਨਿਸਤਾਨ ਦੀ ਫ਼ੌਜ ਦੀ ਲਗਾਤਾਰ ਮਦਦ ਕਰਦਾ ਰਹੇਗਾ। ਅਜਿਹੀ ਸਥਿਤੀ 'ਚ ਪਾਕਿਸਤਾਨ ਨੂੰ ਤਾਲਿਬਾਨ ਦੀ ਮਦਦ ਦੇਣ ਵਾਲੀਆਂ ਸਥਿਤੀਆਂ ਤੋਂ ਬਚਣਾ ਹੋਵੇਗਾ।

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਪਾਕਿਸਤਾਨ ਦੀ ਸਰਹੱਦ ਤੋਂ ਵੜੇ 10 ਹਜ਼ਾਰ ਵਿਦੇਸ਼ੀ ਅੱਤਵਾਦੀ ਤਾਲਿਬਾਨ ਨਾਲ ਮਿਲ ਕੇ ਅਫ਼ਗਾਨ ਫ਼ੌਜ ਨਾਲ ਜੰਗ ਕਰ ਰਹੇ ਹਨ। ਪਾਕਿਸਤਾਨ ਨੇ ਹੀ ਸਾਰੇ ਅੱਤਵਾਦੀਆਂ ਨੂੰ ਸ਼ਰਨ ਦਿੱਤੀ ਹੋਈ ਹੈ।