ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਨੂੰ ਆਈਸੀਸੀ ਟੀ20 ਵਿਸ਼ਵ ਕੱਪ ਦੋਰਾਨ ਮਿਲੇਗਾ ਭਾਰਤੀ ਵੀਸਾ

by vikramsehajpal

ਦਿੱਲੀ,(ਦੇਵ ਇੰਦਰਜੀਤ) :ਪਾਕਿਸਤਾਨੀ ਕ੍ਰਿਕਟ ਬੋਰਡ (ਪੀਸੀਬੀ) ਤੇ ਉਨ੍ਹਾਂ ਦੀ ਟੀਮ ਦੇ ਸਾਹਮਣੇ ਵੱਡੀ ਸਮੱਸਿਆ ਇਹ ਹੈ ਕਿ ਕੀ ਉਨ੍ਹਾਂ ਨੂੰ ਭਾਰਤ ਲਈ ਵੀਜ਼ਾ ਮਿਲੇਗਾ? ਹੁਣ ਵੀਰਵਾਰ ਨੂੰ ਹੋਈ ਆਈਸੀਸੀ ਦੀ ਬੈਠਕ ’ਚ ਵੀ ਇਹ ਸਵਾਲ ਸਾਹਮਣੇ ਆਇਆ ਤਾਂ ਬੀਸੀਸੀਆਈ ਨੇ ਸਾਫ ਕਰ ਦਿੱਤਾ ਹੈ ਕਿ ਟੀ20 ਵਿਸ਼ਵ ਕੱਪ ਲਈ ਪਾਕਿਸਤਾਨ ਦੇ ਖਿਡਾਰੀਆਂ ਤੇ ਹੋਰ ਸਬੰਧਿਤ ਲੋਕਾਂ ਨੂੰ ਵੀਜ਼ੇ ਦਾ ਇੰਤਜ਼ਾਮ ਕਰਵਾ ਦਿੱਤਾ ਜਾਵੇਗਾ।

ਬੀਸੀਸੀਆਈ ਨੇ ਆਈਸੀਸੀ ਨੂੰ ਭਰੋਸਾ ਦਿੱਤਾ ਹੈ ਕਿ ਉਹ ਟੀ20 ਵਿਸ਼ਵ ਕੱਪ ਲਈ ਪਾਕਿਸਤਾਨੀ ਟੀਮ ਲਈ ਵੀਜ਼ੇ ਦਾ ਇੰਤਜ਼ਾਮ ਕਰਵਾ ਦੇਣਗੇ। ਪੀਸੀਬੀ ਨੇ ਬੀਸੀਸੀਆਈ ਤੋਂ ਆਪਣੇ ਖਿਡਾਰੀਆਂ, ਪ੍ਰਸ਼ੰਸਕਾਂ, ਅਧਿਕਾਰੀਆਂ ਤੇ ਪੱਤਰਕਾਰਾਂ ਲਈ ਵੀਜ਼ੇ ਦਾ ਇੰਤਜ਼ਾਮ ਕਰਨ ਲਈ ਲਿਖਤ ਭਰੋਸਾ ਮੰਗਿਆ ਸੀ। ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੈ ਕਿ ਭਾਰਤ ਸਰਕਾਰ ਪਾਕਿਸਤਾਨੀ ਕ੍ਰਿਕਟ ਟੀਮ ਦੇ ਪ੍ਰਸ਼ੰਸਕਾਂ ਨੂੰ ਵੀ ਵੀਜ਼ਾ ਦੇਵੇਗੀ ਜਾਂ ਨਹੀਂ?

ਭਾਰਤ ’ਚ ਅਕਤੂਬਰ-ਨਵੰਬਰ ’ਚ ਹੋਣ ਵਾਲੇ ਟੀ20 ਵਿਸ਼ਵ ਕੱਪ ’ਚ ਜੇਕਰ ਸਟੇਡੀਅਮ ’ਚ ਪ੍ਰਸ਼ੰਸਕਾਂ ਨੂੰ ਦਾਖਲਾ ਮਿਲਦਾ ਹੈ ਤਾਂ ਫਿਰ ਜ਼ਾਹਰ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਵੀ ਆਪਣੇ ਪ੍ਰਸ਼ੰਸਕਾਂ ਨੂੰ ਸਟੇਡੀਅਮ ’ਚ ਦੇਖਣਾ ਪਸੰਦ ਕਰੇਗਾ। ਅਜਿਹੇ ’ਚ ਕੀ ਭਾਰਤੀ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਵੀਜ਼ਾ ਦਿਵਾਉਣ ’ਚ ਮਦਦ ਕਰੇਗੀ ਜਾਂ ਫਿਰ ਸਿਰਫ ਟੀਮ ਦੇ ਖਿਡਾਰੀ, ਮੈਂਬਰ ਤੇ ਪੱਤਰਕਾਰਾਂ ਨੂੰ ਹੀ ਭਾਰਤ ਦਾ ਵੀਜ਼ਾ ਮਿਲ ਸਕੇਗਾ। ਦੋਵਾਂ ਬੋਰਡਾਂ ’ਚ ਲੜਾਈ ਲੰਬੇ ਸਮੇਂ ਤੋਂ ਜਾਰੀ ਸੀ।