ਡੇਰਾ ਬਾਬਾ ਨਾਨਕ (ਹਰਮੀਤ) : ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 117 ਬਟਾਲੀਅਨ ਹੈੱਡ ਕੁਆਟਰ ਅਜਨਾਲਾ ਦੀ ਬੀਓਪੀ ਸ਼ਾਹਪੁਰ 'ਤੇ ਤਾਇਨਾਤ ਚੌਕਸ ਬੀਐਸਐਫ਼ ਜਵਾਨਾਂ ਵਲੋਂ ਬੁੱਧਵਾਰ ਦੀ ਰਾਤ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡਰੋਨ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਅਨੁਸਾਰ ਅੱਜ ਰਾਤ ਸਾਢੇ 3 ਵਜੇ ਦੇ ਕਰੀਬ ਸਰਹੱਦ 'ਤੇ ਚੌਕਸ ਬੀਐਸਐਫ ਦੀ ਬੀਓਪੀ ਸ਼ਾਹਪੁਰ ਦੇ ਜਵਾਨਾਂ ਰਾਤ ਵੇਲੇ ਆਸਮਾਨ ਵਿੱਚ ਭਾਰਤੀ ਸੀਮਾ 'ਤੇ ਪਾਕਿਸਤਾਨੀ ਡਰੋਨ ਨੂੰ ਵੇਖਿਆ। ਜਿੱਥੇ ਜਵਾਨਾਂ ਵੱਲੋਂ 15 ਦੇ ਕਰੀਬ ਫਾਇਰ ਅਤੇ ਇੱਕ ਈਲੂ ਬੰਬ ਦਾਗਿਆ ।
ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਬੀਐਸਐਫ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਤੜਕਸਾਰ ਤੋਂ ਬੀਐਸਐਫ ਤੇ ਪੁਲਿਸ ਵੱਲੋਂ ਸੰਬੰਧਤ ਏਰੀਏ ਵਿੱਚ ਪਹੁੰਚ ਕੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇੱਥੇ ਦੱਸਣ ਯੋਗ ਹੈ ਕਿ ਬੀਤੇ ਐਤਵਾਰ ਦੀ ਰਾਤ ਵੀ ਇਸ ਬਟਾਲੀਅਨ ਦੀ ਬੀਓਪੀ ਚੰਨਾ ਦੇ ਜਵਾਨਾਂ ਵੱਲੋਂ ਪਾਕਿਸਤਾਨੀ ਡਰੋਨ 'ਤੇ 7 ਫਾਇਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ ਸੀ। ਬੀਐਸਐਫ ਦੀ 117 ਬਟਾਲੀਅਨ ਦੇ ਸਰਹੱਦੀ ਖੇਤਰ ਵਿੱਚ ਲਗਾਤਾਰ ਆ ਰਹੇ ਪਾਕਿਸਤਾਨੀ ਡਰੋਨਾਂ ਨੂੰ ਬੀਐਸਐਫ ਦੇ ਬਹਾਦਰ ਜਵਾਨ ਵੱਲੋਂ ਤਿੱਖੀ ਨਜ਼ਰ ਰੱਖੀ ਹੋਈ ਹੈ ਅਤੇ ਪਾਕਿਸਤਾਨ ਵਾਲੇ ਪਾਸੇ ਬੈਠੇ ਦੇਸ਼ ਵਿਰੋਧੀ ਅਨਸਰਾਂ ਦੀਆਂ ਕੋਸ਼ਿਸ਼ਾਂ ਨੂੰ ਨਕਾਮ ਕੀਤਾ ਜਾ ਰਿਹਾ ਹੈ।