ਪਾਕਿਸਤਾਨੀ ਕੁੜੀ ਜਲਦ ਬਣੇਗੀ ਭਾਰਤੀ ਨੂੰਹ,ਵਿਆਹ ਕਰਵਾਉਣ ਲਈ ਮਿਲਿਆ ਭਾਰਤ ਦਾ ਵੀਜ਼ਾ

by vikramsehajpal

ਕਰਾਚੀ (ਦੇਵ ਇੰਦਰਜੀਤ) : ਕਰਾਚੀ ਤੋਂ ਫ਼ੋਨ ’ਤੇ ਗੱਲਬਾਤ ਕਰਦਿਆਂ ਸੁਮਨ ਨੇ ਭਾਰਤ ਸਰਕਾਰ ਅਤੇ ਪਾਕਿਸਤਾਨੀ ਦੂਤਾਵਾਸ ਦਾ ਵੀ ਧੰਨਵਾਦ ਕੀਤਾ ਹੈ। ਦੂਜੇ ਪਾਸੇ ਅਮਿਤ ਨੇ ਦੱਸਿਆ ਕਿ ਉਹ ਪਾਕਿਸਤਾਨ ਜਾ ਕੇ ਵਿਆਹ ਕਰਵਾਉਣਾ ਚਾਹੁੰਦੇ ਹਨ ਅਤੇ ਪਾਕਿਸਤਾਨ ਦੇ ਵੀਜ਼ੇ ਲਈ ਉਨ੍ਹਾਂ ਅਪੀਲ ਕੀਤੀ ਹੋਈ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਪਾਕਿਸਤਾਨ ਦਾ ਵੀਜ਼ਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਪਾਕਿਸਤਾਨ ਦਾ ਵੀਜ਼ਾ ਨਹੀਂ ਮਿਲਦਾ ਹੈ ਤਾਂ ਸੁਮਨ ਦੇ ਮਾਪੇ, ਭੈਣ-ਭਰਾ ਅਤੇ ਹੋਰ ਰਿਸ਼ਤੇਦਾਰ ਭਾਰਤ ਆ ਰਹੇ ਹਨ, ਜਿਸ ’ਤੇ ਉਨ੍ਹਾਂ ਦੀ ਮੌਜੂਦਗੀ ’ਚ ਉਨ੍ਹਾਂ ਦਾ ਵਿਆਹ ਹੋ ਜਾਵੇਗਾ। ਸੁਮਨ ਅਤੇ ਉਸਦੇ ਪਰਿਵਾਰ ਵਾਲੇ ਹਵਾਈ ਮਾਰਗ ਖੁੱਲ੍ਹਣ ’ਤੇ ਭਾਰਤ ਆਉਣਗੇ।

ਸੁਮਨ ਰੈਨੀਤਾਲ ਵਾਸੀ ਕਰਾਚੀ (ਪਾਕਿਸਤਾਨ) ਦਾ ਪ੍ਰੇਮ ਫੇਸਬੁੱਕ ਰਾਹੀਂ ਜ਼ਿਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਰਹਿਣ ਵਾਲੇ ਅਮਿਤ ਨਾਲ ਹੋਇਆ ਅਤੇ ਹੁਣ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਹਨ ਅਤੇ ਦੋਵਾਂ ਦੇ ਪਰਿਵਾਰ ਵੀ ਇਸ ਵਿਆਹ ਲਈ ਰਾਜ਼ੀ ਹਨ ਪਰ ਭਾਰਤ-ਪਾਕਿਸਤਾਨ ਸਰਹੱਦ ਬੰਦ ਹੋਣ ਕਾਰਨ ਮਾਮਲਾ ਅੱਧ ਵਿਚਕਾਰ ਲਟਕ ਗਿਆ। ਇਸੇ ਦੌਰਾਨ ਅਮਿਤ ਕੁਮਾਰ ਦੇ ਪਿਤਾ ਰਮੇਸ਼ ਕੁਮਾਰ ਨੇ ਆਪਣੀ ਨੂੰਹ ਤੋਂ ਇਲਾਵਾ ਉਸਦੇ ਮਾਪਿਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਭਾਰਤ ਦੇ ਵੀਜ਼ੇ ਲਈ ਸਪਾਂਸਰਸ਼ਿਪ ਬਣਾ ਕੇ ਪਾਕਿਸਤਾਨ ਭੇਜੀ। ਸਾਰੀ ਕਾਨੂੰਨੀ ਕਾਰਵਾਈ ਹੋਣ ਮਗਰੋਂ ਸੁਮਨ, ਉਸਦੇ ਮਾਪੇ ਅਤੇ ਮਾਸੀ ਸਮੇਤ ਕਈ ਰਿਸ਼ਤੇਦਾਰਾਂ ਨੂੰ ਭਾਰਤ ਸਰਕਾਰ ਨੇ ਵੀਜ਼ਾ ਜਾਰੀ ਕਰ ਦਿੱਤਾ ਹੈ।