10,000 ਦੀ ਰਿਸ਼ਵਤ ਲੈਂਦਾ ਵਿਜੀਲੈਂਸ ਹੱਥੇ ਚੜ੍ਹਿਆ ਪੰਚਾਇਤ ਸਕੱਤਰ

by jaskamal

ਨਿਊਜ਼ ਡੈਸਕ : ਪੰਜਾਬ ਵਿਜੀਲੈਂਸ ਬਿਊਰੋ ਨੇ ਹੁਸ਼ਿਆਰਪੁਰ ਦੇ ਬਲਾਕ ਤਲਵਾੜਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਅਨਿਲ ਕੁਮਾਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਬਲਾਕ ਤਲਵਾੜਾ ਦੇ ਪਿੰਡ ਚੰਗਰਵਾਂ ਦੀ ਸਰਪੰਚ ਅਤੇ ਸ਼ਿਕਾਇਤਕਰਤਾ ਸੁਸ਼ਮਾ ਦੇਵੀ ਦੀ ਸ਼ਿਕਾਇਤ ’ਤੇ ਬੀਡੀਪੀਓ ਦਫਤਰ ਤਲਵਾੜਾ, ਹੁਸ਼ਿਆਰਪੁਰ ਅਧੀਨ ਪੈਂਦੇ ਪਿੰਡ ਚੰਗਰਵਾਂ ਵਿਖੇ ਤਾਇਨਾਤ ਪੰਚਾਇਤ ਸਕੱਤਰ ਅਨਿਲ ਕੁਮਾਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਬਿਊਰੋ ਕੋਲ ਪਹੁੰਚ ਕਰ ਕੇ ਦੋਸ਼ ਲਾਇਆ ਹੈ ਕਿ ਕਥਿਤ ਦੋਸ਼ੀ ਪੰਚਾਇਤ ਸਕੱਤਰ ਅਨਿਲ ਕੁਮਾਰ ਗ੍ਰਾਮ ਪੰਚਾਇਤ ਫੰਡਾਂ ਦੇ ਆਡਿਟ ਦੇ ਨਾਂ ’ਤੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ, ਜਿਸ ਦਾ ਨਿਪਟਾਰਾ ਆਡਿਟ ਟੀਮ ਵਲੋਂ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ। ਉਕਤ ਦੋਸ਼ੀ ਪੰਚਾਇਤ ਨੂੰ ਇਹ ਕਹਿ ਕੇ ਧਮਕਾ ਰਿਹਾ ਸੀ ਕਿ ਜੇ ਰਿਸ਼ਵਤ ਦੀ ਰਕਮ ਨਾ ਦਿੱਤੀ ਗਈ ਤਾਂ ਆਡੀਟਰਾਂ ਵੱਲੋਂ ਫੰਡਾਂ ਦੀ ਵਰਤੋਂ ਸਬੰਧੀ ਦੋਸ਼ਪੂਰਨ ਅਤੇ ਗ਼ਲਤ ਰਿਪੋਰਟ ਪੇਸ਼ ਕਰ ਦਿੱਤੀ ਜਾਵੇਗੀ। ਪੜਤਾਲ ਤੋਂ ਬਾਅਦ ਵਿਜੀਲੈਂਸ ਟੀਮ ਹਰਕਤ ’ਚ ਆਈ ਅਤੇ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਤੇ ਉਸ ਕੋਲੋਂ ਰਿਸ਼ਵਤ ਦੇ ਪੈਸੇ ਵੀ ਮੌਕੇ ’ਤੇ ਹੀ ਬਰਾਮਦ ਕੀਤੇ ਗਏ।