ਮੁੰਬਈ (ਨੇਹਾ): ਮੁੰਬਈ ਤੋਂ ਥਾਈਲੈਂਡ ਦੇ ਕਰਬੀ ਜਾ ਰਹੀ ਅੰਤਰਰਾਸ਼ਟਰੀ ਇੰਡੀਗੋ ਦੀ ਫਲਾਈਟ (6E 1085) 'ਚ ਵੀਰਵਾਰ ਨੂੰ ਹੰਗਾਮਾ ਦੇਖਣ ਨੂੰ ਮਿਲਿਆ। ਘੰਟਿਆਂ ਤੱਕ ਇੰਤਜ਼ਾਰ ਕਰ ਰਹੇ ਯਾਤਰੀਆਂ ਦਾ ਗੁੱਸਾ ਉਸ ਸਮੇਂ ਭੜਕ ਗਿਆ ਜਦੋਂ ਪਾਇਲਟ ਨੇ ਆਪਣੀ 'ਡਿਊਟੀ ਟਾਈਮ ਲਿਮਿਟ' (FDTL) ਖਤਮ ਹੋਣ ਦਾ ਹਵਾਲਾ ਦਿੰਦੇ ਹੋਏ ਜਹਾਜ਼ ਨੂੰ ਉਡਾਉਣ ਤੋਂ ਇਨਕਾਰ ਕਰ ਦਿੱਤਾ।
ਇਸ ਕਾਰਨ ਚਾਲਕ ਦਲ ਅਤੇ ਮੁਸਾਫਰਾਂ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ, ਜਿਸ ਦੌਰਾਨ ਗੁੱਸੇ 'ਚ ਆਏ ਯਾਤਰੀ ਜਹਾਜ਼ ਦੇ ਬਾਹਰ ਨਿਕਲਣ ਵਾਲੇ ਦਰਵਾਜ਼ੇ ਨੂੰ ਲੱਤ ਮਾਰਦੇ ਹੋਏ ਅਤੇ ਪਾਇਲਟ ਖਿਲਾਫ ਅਪਸ਼ਬਦ ਬੋਲਦੇ ਹੋਏ ਦੇਖੇ ਜਾ ਸਕਦੇ ਹਨ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਫਲਾਈਟ ਟ੍ਰੈਕਿੰਗ ਵੈੱਬਸਾਈਟ Flightradar24 'ਤੇ ਉਪਲੱਬਧ ਅੰਕੜਿਆਂ ਦੇ ਮੁਤਾਬਕ, ਇੰਡੀਗੋ ਦੀ ਫਲਾਈਟ ਨੇ ਮੁੰਬਈ ਤੋਂ ਕਰਬੀ, ਥਾਈਲੈਂਡ ਲਈ ਸਵੇਰੇ 4:05 ਵਜੇ ਉਡਾਣ ਭਰਨੀ ਸੀ, ਪਰ ਇਸ ਨੇ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਟੇਕ ਆਫ ਨਹੀਂ ਕੀਤਾ। ਉਡਾਣ, ਜਿਸ ਨੂੰ ਸਵੇਰੇ 10 ਵਜੇ ਕਰਬੀ ਵਿੱਚ ਉਤਰਨਾ ਸੀ, ਦੁਪਹਿਰ 1 ਵਜੇ ਦੇ ਕਰੀਬ ਰਿਜ਼ੋਰਟ ਟਾਊਨ ਵਿੱਚ ਪਹੁੰਚਿਆ।



