ਨਿਊਜ਼ ਡੈਸਕ (ਜਸਕਮਲ) : ਦਿੱਲੀ ਤੇ ਪੰਜਾਬ ਦੀ ਸਕੂਲ ਸਿੱਖਿਆ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਪਸ ’ਚ ਭਿੜ ਗਏ ਹਨ। ਦੋਵਾਂ ਨੇ ਇਕ-ਦੂਜੇ ’ਤੇ ਟਵਿੱਟਰ ’ਤੇ ਨਿਸ਼ਾਨੇ ਵਿੰਨ੍ਹੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਅਧਿਆਪਕਾਂ ਨਾਲ 8 ਵਾਅਦੇ ਕਰਨ ਤੋਂ ਬਾਅਦ ਪਰਗਟ ਸਿੰਘ ਲਗਾਤਾਰ ਦਿੱਲੀ ਦੀ ਕੇਜਰੀਵਾਲ ਸਰਕਾਰ ’ਤੇ ਤਨਜ਼ ਕੱਸ ਰਹੇ ਹਨ।
ਸਿਸੋਦੀਆ ਨੇ ਟਵੀਟ ਕਰ ਕੇ ਪਰਗਟ ਸਿੰਘ ਨੂੰ ਕਿਹਾ ਹੈ ਕਿ ਉਹ ਦਿੱਲੀ ਤੇ ਪੰਜਾਬ ਦੇ ਸੂਚੀਬੱਧ ਬਿਹਤਰੀਨ ਸਕੂਲਾਂ ਦੇ ਦੌਰੇ ਤੇ ਸਿੱਖਿਆ ਵਿਵਸਥਾ/ਸੁਧਾਰਾਂ ’ਤੇ ਬਹਿਸ ਲਈ ਆਪਣੀ ਇੱਛਾ ਮੁਤਾਬਕ ਸਮਾਂ ਤੇ ਤਰੀਕ ਤੈਅ ਕਰ ਕੇ ਦੱਸ ਦੇਣ, ਤਾਂਕਿ ਦੋਵੇਂ ਸਿੱਖਿਆ ਮੰਤਰੀ (ਮਨੀਸ਼ ਸਿਸੋਦੀਆ ਤੇ ਪਰਗਟ ਸਿੰਘ) ਮੀਡੀਆ ਦੀ ਮੌਜੂਦਗੀ ’ਚ ਦਿੱਲੀ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਇੱਕੋ ਵੇਲੇ ਦੌਰਾ ਕਰ ਕੇ ਖੁੱਲ੍ਹੀ ਬਹਿਸ ਕਰ ਸਕਣ।



