ਸਸਤੀ ਲੋਕਪ੍ਰਿਯਤਾ ਲਈ ਪਰਗਟ ਸਿੰਘ ਘੜਦੇ ਹੋ ਸਸਤੀ ਕਹਾਣੀਆਂ : ਕੈਪਟਨ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਿੱਖਿਆ ਮੰਤਰੀ ਪਰਗਟ ਸਿੰਘ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਗੈਰ-ਜ਼ਿੰਮੇਵਾਰਾਨਾ ਰਵੱਈਏ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਪਰਗਟ ਸਿੰਘ ਨੇ ਸਵੇਰੇ ਕਿਹਾ ਸੀ ਕਿ ਕੈਪਟਨ ਭਾਜਪਾ ਦੇ ਨਾਲ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਪਹਿਲਾਂ ਝੋਨੇ ਦੀ ਖਰੀਦ ਵਿਚ ਦੇਰੀ ਕਰਵਾਉਣ ਲਈ ਗਏ ਅਤੇ ਹੁਣ ਬੀ. ਐੱਸ. ਐੱਫ. ਦਾ ਅਧਿਕਾਰ ਖੇਤਰ ਵਧਾਉਣ ਦਾ ਸਮਰਥਨ ਕਰ ਰਹੇ ਹਨ।

ਕੈਪਟਨ ਨੇ ਕਿਹਾ ਕਿ ਤੁਸੀਂ ਪਰਗਟ ਤੇ ਸਿੱਧੂ ਇਕੋ ਪੰਛੀ ਦੇ ਖੰਭ ਜਾਪਦੇ ਹੋ। ਤੁਸੀਂ ਦੋਵੇਂ ਸਸਤੀ ਲੋਕਪ੍ਰਿਯਤਾ ਹਾਸਲ ਕਰਨ ਲਈ ਮਨਘੜਤ ਕਹਾਣੀਆਂ ਬਣਾਉਂਦੇ ਆਏ ਹੋ। ਜ਼ਿਕਰਯੋਗ ਹੈ ਕਿ ਕੈਪਟਨ, ਪਰਗਟ ਤੇ ਸਿੱਧੂ ਦਰਮਿਆਨ ਕਾਫੀ ਸਮੇਂ ਤੋਂ ਬਹਿਸਬਾਜ਼ੀ ਹੁੰਦੀ ਆ ਰਹੀ ਹੈ।

ਪਰਗਟ ਸਿੰਘ ਕੈਪਟਨ ਖ਼ਿਲਾਫ਼ ਬਿਆਨ ਦਿੰਦੇ ਰਹੇ ਹਨ। ਕੈਪਟਨ ਨੇ ਆਪਣੇ ਬਿਆਨ ਰਾਹੀਂ ਇਹ ਵੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦਾ ਭਾਜਪਾ ਨਾਲ ਕੋਈ ਤਾਲਮੇਲ ਨਹੀਂ, ਜਿਵੇਂ ਕਿ ਉਨ੍ਹਾਂ ’ਤੇ ਪਰਗਟ ਸਿੰਘ ਵਲੋਂ ਦੋਸ਼ ਲਾਏ ਜਾ ਰਹੇ ਹਨ।

ਕੈਪਟਨ ਨੇ ਕਾਂਗਰਸ ਦੇ ਕੇਂਦਰੀ ਮੰਤਰੀ ਰਣਦੀਪ ਸੁਰਜੇਵਾਲਾ ’ਤੇ ਵੀ ਵਾਰ ਕਰਦਿਆਂ ਕਿਹਾ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਫੈਸਲੇ ਲੈਣ ਲਈ ਹਦਾਇਤਾਂ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਦਾ ਫੈਸਲਾ ਸਿਰਫ ਪੰਜਾਬ ਲਈ ਨਹੀਂ, ਸਗੋਂ ਗੁਜਰਾਤ, ਪੱਛਮੀ ਬੰਗਾਲ ਤੇ ਆਸਾਮ ਲਈ ਵੀ ਹੈ।

ਜਿਹੜਾ ਵਿਅਕਤੀ ਆਪਣੇ ਸੂਬੇ ਤੋਂ ਚੋਣ ਨਹੀਂ ਜਿੱਤ ਸਕਦਾ, ਉਸ ਨੂੰ ਕੌਮੀ ਮੁੱਦਿਆਂ ’ਤੇ ਬੋਲਣ ਦਾ ਕੋਈ ਹੱਕ ਨਹੀਂ।