ਡਿਊਟੀ ਦੌਰਾਨ ਜ਼ਖ਼ਮੀ ਹੋਣ ਵਾਲੇ ਵਰਕਰਜ਼ ਨੂੰ ਵਧੇਰੇ ਮੁਆਵਜ਼ਾ ਦੇਵੇਗੀ PC ਸਰਕਾਰ!

by jaskamal

ਨਿਊਜ਼ ਡੈਸਕ : ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਉਹ ਕੰਮ 'ਤੇ ਜ਼ਖ਼ਮੀ ਹੋਣ ਵਾਲੇ ਵਰਕਰਜ਼ ਲਈ ਮੁਆਵਜ਼ੇ 'ਚ ਵਾਧਾ ਕਰੇਗੀ ਪਰ ਇਹ ਪ੍ਰਸਤਾਵਿਤ ਤਬਦੀਲੀ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਪ੍ਰਭਾਵੀ ਨਹੀਂ ਹੋ ਸਕੇਗੀ। ਪ੍ਰੋਗਰੈਸਿਵ ਕੰਜ਼ਰਵੇਟਿਵਾਂ ਦਾ ਕਹਿਣਾ ਹੈ ਕਿ ਉਹ ਵਰਕਪਲੇਸ ਸੇਫਟੀ ਇੰਸ਼ੋਰੈਂਸ ਬੋਰਡ ਨੂੰ ਨਿਰਦੇਸ਼ ਦੇ ਰਹੇ ਹਨ ਕਿ ਉਹ ਇਨ੍ਹਾਂ ਵਰਕਰਜ਼ ਦੀਆਂ ਅਜਿਹੀਆਂ ਅਦਾਇਗੀਆਂ ਵਿੱਚ ਵਾਧਾ ਕਰਨ ਲਈ ਪਲੈਨ ਪੇਸ਼ ਕਰੇ।

ਜ਼ਖ਼ਮੀ ਵਰਕਰਜ਼ ਨੂੰ ਇਸ ਸਮੇਂ ਕਿਸੇ ਹਾਦਸੇ ਤੋਂ ਪਹਿਲਾਂ 85 ਫੀਸਦੀ ਤਨਖਾਹ ਮਿਲਦੀ ਹੈ ਤੇ ਫੋਰਡ ਸਰਕਾਰ ਇਸ ਨੂੰ 90 ਫੀਸਦੀ ਕਰਨ ਬਾਰੇ ਯੋਜਨਾ ਬਣਾ ਰਹੀ ਹੈ। ਲੇਬਰ ਮੰਤਰੀ ਮੌਂਟੀ ਮੈਕਨੌਟਨ, ਜਿਨ੍ਹਾਂ ਵੱਲੋਂ ਇਸ ਪਲੈਨ ਦਾ ਐਲਾਨ ਕੀਤਾ ਜਾਵੇਗਾ, ਨੇ ਕਿਹਾ ਕਿ ਇਸ ਪਲੈਨ ਲਈ ਸਰਕਾਰ ਇਕ ਬਿਲੀਅਨ ਡਾਲਰ ਤਕ ਐਲਾਨ ਸਕਦੀ ਹੈ ਕਿਉਂਕਿ ਡਬਲਿਊਐੱਸਆਈਬੀ ਕੋਲ ਵਾਧੂ ਫੰਡ ਪਏ ਹਨ। ਉਨ੍ਹਾਂ ਆਖਿਆ ਕਿ ਮਹਿੰਗਾਈ ਹਰ ਕਿਸੇ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਵਰਕਰਜ਼ ਨੂੰ ਸਹੀ ਮੁਆਵਜ਼ਾ ਮਿਲਣਾ ਹੀ ਚਾਹੀਦਾ ਹੈ, ਉਹ ਇਸ ਦੇ ਪੂਰੇ ਹੱਕਦਾਰ ਹਨ।