ਕਤਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ‘ਚ ਦੋ ਪੰਜਾਬੀ ਲੜਕਿਆਂ ਦੀ ਭਾਲ ਕਰ ਰਹੀ ਪੀਲ ਪੁਲਿਸ

by jaskamal

ਨਿਊਜ਼ ਡੈਸਕ : ਬਰੈਂਪਟਨ 'ਚ ਦੋ ਵਿਅਕਤੀਆਂ 'ਤੇ ਕੀਤੇ ਗਏ ਘਾਤਕ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤੇ ਗਏ ਹਨ। ਪੀਲ ਪੁਲਿਸ ਨੇ ਦੱਸਿਆ ਕਿ 16 ਅਪ੍ਰੈਲ ਨੂੰ ਰਾਤ 12:45 'ਤੇ ਬ੍ਰੈਮਟਰੀ ਕੋਰਟ ਤੇ ਕ੍ਰਾਈਸਲਰ ਡਰਾਈਵ ਇਲਾਕੇ 'ਚ ਦੋ ਵਿਅਕਤੀਆਂ ਉੱਤੇ ਚਾਰ ਵਿਅਕਤੀਆਂ ਵੱਲੋਂ ਹਮਲਾ ਬੋਲ ਦਿੱਤਾ ਗਿਆ। ਹਮਲਾਵਰਾਂ ਕੋਲ ਹਾਕੀ ਸਟਿੱਕਸ ਤੇ ਬੈਟ ਸਨ।

ਹਮਲੇ ਤੋਂ ਬਾਅਦ ਚਾਰੇ ਹਮਲਾਵਰ ਓਨਟਾਰੀਓ ਦੀ ਲਾਇਸੰਸ ਪਲੇਟ ਸੀਐਫਈਬੀ 295 ਵਾਲੀ 2015 ਮਾਡਲ ਦੀ ਵੋਕਸਵੈਗਨ ਜੈਟਾ ਵਿੱਚ ਫਰਾਰ ਹੋ ਗਏ। ਇਸ ਹਮਲੇ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਜਦਕਿ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਸ ਨੂੰ ਇਲਾਜ ਲਈ ਲੋਕਲ ਹਸਪਤਾਲ ਭੇਜਿਆ ਗਿਆ। ਚਾਰ ਹਮਲਾਵਰਾਂ ਵਿੱਚੋਂ ਪੁਲਿਸ ਵੱਲੋਂ ਦੋ ਦੀ ਪਛਾਣ ਬਰੈਂਪਟਨ ਦੇ 25 ਸਾਲਾ ਮਨਜੋਤ ਸਿੰਘ ਤੇ ਮਾਰਖਮ ਦੇ 24 ਸਾਲਾ ਗੁਰਕੀਰਤ ਸਿੰਘ ਵਜੋਂ ਕੀਤੀ ਗਈ ਹੈ। ਦੋਵਾਂ ਦੀ ਭਾਲ ਕਤਲ ਦੀ ਕੋਸ਼ਿਸ਼ ਕਰਨ ਦੇ ਨਾਲ ਨਾਲ ਕਈ ਹੋਰ ਮਾਮਲਿਆਂ ਵਿੱਚ ਵੀ ਕੀਤੀ ਜਾ ਰਹੀ ਹੈ। ਪੀਲ ਪੁਲਿਸ ਨੇ ਦੱਸਿਆ ਕਿ ਬਾਕੀ ਦੇ ਦੋ ਹਮਲਾਵਰਾਂ ਦੀ ਅਜੇ ਪਛਾਣ ਨਹੀਂ ਹੋ ਸਕੀ।