1.8 ਕਰੋੜ ਭਾਰਤੀ ਵਤਨ ਛੱਡ ਵਿਦੇਸ਼ਾਂ ’ਚ ਵਸੇ : ਸੰਯੁਕਤ ਰਾਸ਼ਟਰ

by vikramsehajpal

ਸੰਯੁਕਤ ਰਾਸ਼ਟਰ (ਦੇਵ ਇੰਦਰਜੀਤ)- ਪਰਵਾਸੀ ਭਾਰਤੀ ਭਾਈਚਾਰਾ ਦੁਨੀਆ ਦੇ ਕੋਨੇ-ਕੋਨੇ ਵਿਚ ਫੈਲਿਆ ਹੋਇਆ ਹੈ ਤੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਇਹ ਵਤਨ ਤੋਂ ਬਾਹਰ ਵਿਦੇਸ਼ੀ ਮੁਲਕਾਂ ਵਿਚ ਰਹਿ ਰਿਹਾ ਦੁਨੀਆ ਦਾ ਸਭ ਤੋਂ ਵੱਡਾ ਭਾਈਚਾਰਾ ਹੈ।

ਰਿਪੋਰਟ ਮੁਤਾਬਕ ਕਰੀਬ 1.8 ਕਰੋੜ ਭਾਰਤੀ ਬਾਹਰਲੇ ਮੁਲਕਾਂ ਵਿਚ ਵਸੇ ਹੋਏ ਹਨ। ਜ਼ਿਆਦਾਤਰ ਪਰਵਾਸੀ ਭਾਰਤੀ ਯੂਏਈ, ਅਮਰੀਕਾ ਤੇ ਸਾਊਦੀ ਅਰਬ ਵਿਚ ਹਨ। ਸੰਯੁਕਤ ਰਾਸ਼ਟਰ ਮੁਤਾਬਕ ਪਰਵਾਸੀ ਭਾਰਤੀ ਸਾਰੇ ਮਹਾਦੀਪਾਂ ਤੇ ਖੇਤਰਾਂ ਵਿਚ ਮੌਜੂਦ ਹਨ। ਖਾੜੀ ਮੁਲਕਾਂ ਤੋਂ ਲੈ ਕੇ ਉੱਤਰੀ ਅਮਰੀਕਾ, ਆਸਟਰੇਲੀਆ ਤੋਂ ਯੂਕੇ ਤੱਕ ਪ੍ਰਵਾਸੀ ਭਾਰਤੀ ਵਸੇ ਹੋਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਭਾਈਚਾਰਾ ਉੱਦਮੀ ਬਿਰਤੀ ਵਾਲਾ ਤੇ ਗਤੀਸ਼ੀਲ ਹੈ। ਭਾਰਤ ਤੋਂ ਇਲਾਵਾ ਮੈਕਸਿਕੋ ਅਤੇ ਰੂਸ ਦੇ ਕਰੋੜ-ਕਰੋੜ ਤੋਂ ਵੱਧ, ਚੀਨ ਦੇ ਇਕ ਕਰੋੜ ਤੇ ਸੀਰੀਆ ਦੇ 80 ਲੱਖ ਲੋਕ ਪਰਵਾਸ ਕਰ ਕੇ ਬਾਹਰਲੇ ਮੁਲਕਾਂ ਵਿਚ ਵਸ ਗਏ ਹਨ।

ਅਮਰੀਕਾ ਭਾਰਤੀਆਂ ਦਾ ਸਭ ਤੋਂ ਵੱਧ ਮਨਭਾਉਂਦਾ ਸਥਾਨ, ਫੇਰ ਜਰਮਨੀ 'ਤੇ ਸਾਊਦੀ ਅਰਬ

ਸੰਯੁਕਤ ਰਾਸ਼ਟਰ (ਦੇਵ ਇੰਦਰਜੀਤ)- ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਦੁਨੀਆ ਵਿੱਚ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ ਇਹ ਵਿਸ਼ਵ ਦੇ ਅਲੱਗ-ਅਲੱਗ ਮੁਲਕਾਂ ਵਿੱਚ ਰਹਿ ਰਹੇ ਹਨ। ਸਾਲ 2020 ਵਿੱਚ ਲਗਭਗ 1.8 ਕਰੋੜ ਭਾਰਤੀ ਆਪਣੇ ਵਤਨ ਤੋਂ ਦੂਰ ਦੁਨੀਆ ਦੇ ਕਈ ਦੇਸ਼ਾਂ ਵਿੱਚ ਗਏ ਅਤੇ ਉਹ ਇਸ ਮਾਮਲੇ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ। ਵਿਸ਼ਵ ਸੰਸਥਾ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਸਭ ਤੋਂ ਵੱਧ ਗਿਣਤੀ ਵਿੱਚ ਅਮਰੀਕਾ, ਯੂਏਈ ਤੇ ਸਾਊਦੀ ਅਰਬ ਵਿੱਚ ਰਹਿੰਦੇ ਹਨ।

ਸੰਯੁਕਤ ਰਾਸ਼ਟਰ ਨੇ ਪ੍ਰਵਾਸੀ ਭਾਰਤੀਆਂ ਨੂੰ ਸਭ ਤੋਂ ਵੱਧ ਵਿਭਿੰਨਤਾ ਅਤੇ ਖੁਸ਼ਹਾਲ ਭਾਈਚਾਰਿਆਂ ਵਿੱਚੋਂ ਇੱਕ ਹੈ। ਯੂਐਨ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ (ਡੀਈਐਸਏ) ਵਿੱਚ ਜਨਸੰਖਿਆ ਡਵੀਜ਼ਨ ਦੀ ਅਧਿਕਾਰੀ ਕਲੇਰ ਮੇਨੋਜੀ ਨੇ ਕਿਹਾ ਕਿ ਦੁਨੀਆ ਵਿੱਚ ਭਾਰਤ ਦੀ ਸਭ ਤੋਂ ਵੱਧ ਪ੍ਰਵਾਸੀ ਅਬਾਦੀ ਵਸਦੀ ਹੈ। ਇਸ ਅਬਾਦੀ ਦਾ ਪ੍ਰਸਾਰ ਪੂਰੀ ਦੁਨੀਆ ਵਿੱਚ ਹੈ, ਜੋ ਸਾਰੇ ਟਾਪੂਆਂ ਅਤੇ ਖੇਤਰਾਂ ਵਿੱਚ ਫੈਲੇ ਹੋਏ ਹਨ।

ਸੰਯੁਕਤ ਰਾਸ਼ਟਰ ਦੇ ਜਨਸੰਖਿਆ ਡਵੀਜ਼ਨ ਦੇ ਡਾਇਰੈਕਟਰ ਜੌਨ ਵਿਲਮੋਥ ਨੇ ਕਿਹਾ ਕਿ ਭਾਰਤ ਤੋਂ ਪ੍ਰਵਾਸ ਦਾ ਮੁੱਖ ਕਾਰਨ ਰੋਜ਼ਗਾਰ ਅਤੇ ਪਰਿਵਾਰਕ ਕਾਰਨ ਰਹੇ ਅਤੇ ਜਬਰੀ ਪ੍ਰਵਾਸ ਦਾ ਪ੍ਰਤੀਸ਼ਤ (ਲਗਭਗ 10 ਫੀਸਦੀ) ਘੱਟ ਰਿਹਾ।

ਅਮਰੀਕਾ ਪ੍ਰਵਾਸੀਆਂ ਦਾ ਹੁਣ ਵੀ ਸਭ ਤੋਂ ਵੱਧ ਮਨਭਾਉਂਦਾ ਸਥਾਨ ਬਣਿਆ ਹੋਇਆ ਅਤੇ ਸਾਲ 2020 ਵਿੱਚ ਕੁੱਲ 5.1 ਕਰੋੜ ਕੌਮਾਂਤਰੀ ਪ੍ਰਵਾਸੀ ਅਮਰੀਕਾ ਵਿੱਚ ਸਨ, ਜੋ ਵਿਸ਼ਵ 'ਚ ਕੁੱਲ ਕੌਮਾਂਤਰੀ ਪ੍ਰਵਾਸੀਆਂ ਦਾ 18 ਫੀਸਦੀ ਹੈ। 1.6 ਕਰੋੜ ਪ੍ਰਵਾਸੀਆਂ ਦੇ ਨਾਲ ਜਰਮਨੀ ਦੂਜੇ ਸਥਾਨ 'ਤੇ ਰਿਹਾ, ਜਦਕਿ ਸਾਊਦੀ ਅਰਬ, ਰੂਸ ਤੇ ਬਰਤਾਨੀਆ ਲੜੀਵਾਰ 1.3 ਕਰੋੜ, 1.2 ਕਰੋੜ, 90 ਲੱਖ ਕੌਮਾਂਤਰੀ ਪ੍ਰਵਾਸੀਆਂ ਨਾਲ ਤੀਜੇ, ਚੌਥੇ ਤੇ ਪੰਜਵੇਂ ਸਥਾਨ 'ਤੇ ਰਹੇ।