ਕਰਤਾਰਪੁਰ ਸਾਹਿਬ ਗੁਰਦੁਆਰੇ ‘ਚ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ 30 ਦਿਨਾਂ ਪਹਿਲਾਂ ਕਰਨਾ ਪਵੇਗਾ ਅਪਲਾਈ

by mediateam

ਚੰਡੀਗੜ (ਇੰਦਰਜੀਤ ਸਿੰਘ) : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ 'ਚ ਦਰਸ਼ਨਾਂ ਲਈ ਸ਼ਰਧਾਲੂਆਂ ਲਈ ਪੁਖ਼ਤਾ ਵਿਵਸਥਾ ਹੋਵੇਗੀ। ਉੱਥੇ ਜਾਣ ਲਈ ਸ਼ਰਧਾਲੂਆਂ ਨੂੰ 30 ਦਿਨਾਂ ਪਹਿਲਾਂ ਅਪਲਾਈ ਕਰਨਾ ਪਵੇਗਾ। ਇਹ ਆਨਲਾਈਨ ਪੋਰਟਲ 'ਤੇ ਹੀ ਕਰਨਾ ਪਵੇਗਾ। ਪੋਰਟਲ ਗੁਰਮੁਖੀ ਤੇ ਅੰਗਰੇਜ਼ੀ ਭਾਸ਼ਾ 'ਚ ਹੋਵੇਗਾ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੌਰਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਵਾਸਤੇ ਆਨਲਾਈਨ ਅਪਲਾਈ ਕਰਨ ਲਈ ਮਿੱਥੇ ਗਏ 30 ਦਿਨ ਦੇ ਸਮੇਂ ਨੂੰ ਘਟਾਉਣ ਦੀ ਮੰਗ ਕੀਤੀ ਹੈ।ਮੁੱਖ ਮੰਤਰੀ ਨੇ ਮੰਗਲਵਾਰ ਨੂੰ ਉੱਚ ਪੱਧਰੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਕੈਪਟਨ ਨੇ ਕੇਂਦਰੀ ਟੀਮ ਨੂੰ ਸ਼ਰਧਾਲੂਆਂ ਲਈ ਈ-ਪਰਮਿਟ ਜਾਰੀ ਕਰਨ ਦੀ ਸੰਭਾਵਨਾ ਤਲਾਸ਼ਣ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿਖੇ ਪਾਸਪੋਰਟ ਸੇਵਾ ਕੇਂਦਰ ਸਥਾਪਿਤ ਕਰਨ ਲਈ ਵੀ ਆਖਿਆ ਤਾਂ ਜੋ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਅਪਲਾਈ ਕਰਨ ਵਾਲੀ ਲੱਖਾਂ ਦੀ ਗਿਣਤੀ 'ਚ ਸੰਗਤ ਨੂੰ ਸਹੂਲਤ ਹਾਸਲ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ 'ਤੇ ਦਬਾਅ ਬਣਾ ਕੇ ਸ਼ਰਧਾਲੂਆਂ ਲਈ ਮਿੱਥੀ 20 ਡਾਲਰ ਫੀਸ ਨੂੰ ਹਟਾਉਣ ਦੀ ਮੁੜ ਅਪੀਲ ਕੀਤੀ।ਸ਼ਰਧਾਲੂਆਂ ਨੂੰ ਆਨਲਾਈਨ ਪੋਰਟਲ 'ਤੇ ਇਕ ਮਹੀਨਾ ਪਹਿਲਾਂ ਅਪਲਾਈ ਕਰਨਾ ਪਵੇਗਾ। ਯਾਤਰਾ ਦਾ ਦਿਨ ਵੀ ਦੱਸਣਾ ਪਵੇਗਾ। 5000 ਸ਼ਰਧਾਲੂਆਂ ਤੋਂ ਜ਼ਿਆਦਾ ਨੂੰ ਇਕ ਦਿਨ 'ਚ ਜਾਣ ਦਾ ਮੌਕਾ ਨਹੀਂ ਮਿਲੇਗਾ। ਪੰਜ ਹਜ਼ਾਰ ਸ਼ਰਧਾਲੂਆਂ ਦੀ ਸੂਚੀ ਪਾਕਿਸਤਾਨ ਨੂੰ ਭੇਜੀ ਜਾਵੇਗੀ ਤੇ ਉਹ ਦਸ ਦਿਨ ਪਹਿਲਾਂ ਦੱਸਣਗੇ ਕਿ ਕਿੰਨੇ ਲੋਕਾਂ ਦੇ ਨਾਂ ਉਨ੍ਹਾਂ ਰਿਜੈਕਟ ਕਰ ਦਿੱਤੇ ਹਨ ਤੇ ਕਿੰਨੇ ਲੋਕ ਦਰਸ਼ਨਾਂ ਲਈ ਜਾ ਸਕਣਗੇ।

ਜਿਨ੍ਹਾਂ ਲੋਕਾਂ ਦੇ ਨਾਵਾਂ ਨੂੰ ਮਨਜ਼ੂਰੀ ਮਿਲ ਜਾਵੇਗੀ, ਪੰਜ ਦਿਨ ਪਹਿਲਾਂ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਕਿ ਕਿਸ ਤਾਰੀਕ ਨੂੰ ਉਨ੍ਹਾਂ ਉੱਥੇ ਜਾਣਾ ਹੈ। ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰੀਆਂ ਪਾਰਟੀਆਂ ਦੇ ਆਗੂਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਨਾਲ ਲੈ ਕੇ ਜਾਣਗੇ। ਇਸ ਲਈ ਆਨਲਾਈਨ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।ਇਸ ਦੌਰਾਨ ਮੁੱਖ ਮੰਤਰੀ ਨੇ ਚੰਡੀਗੜ੍ਹ ਦੇ ਰੀਜਨਲ ਪਾਸਪੋਰਟ ਅਫ਼ਸਰ ਨੂੰ ਸ਼ਰਧਾਲੂਆਂ ਲਈ ਪਹਿਲ ਦੇ ਆਧਾਰ 'ਤੇ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਉਣ ਲਈ ਫਾਸਟ ਟਰੈਕ ਅਤੇ ਸੁਖਾਲੇ ਢੰਗ-ਤਰੀਕੇ ਅਪਨਾਉਣ ਨੂੰ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਏ ਕਿ ਲਾਂਘੇ ਵਾਲੀ ਥਾਂ 'ਤੇ ਪਾਕਿਸਤਾਨ ਵੱਲੋਂ ਕਰੰਸੀ ਵਟਾਉਣ ਲਈ ਲੋੜੀਂਦੇ ਬੂਥ ਸਥਾਪਤ ਕੀਤੇ ਜਾਣ।ਭਾਰਤ ਵਾਲੇ ਪਾਸੇ ਉਸਾਰੇ ਜਾ ਰਹੇ ਪੁਲ ਅਤੇ ਚਹੁੰ-ਮਾਰਗੀ ਹਾਈਵੇਅ ਦੇ ਨਾਲ-ਨਾਲ ਦਰਸ਼ਨ ਸਥਲ ਦੇ ਡਿਜ਼ਾਈਨ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕੇਂਦਰੀ ਟੀਮ ਨੂੰ ਉਸਾਰੀ ਕਾਰਜਾਂ ਨੂੰ ਛੇਤੀ ਤੋਂ ਛੇਤੀ ਸਿਰੇ ਚਾੜ੍ਹਨ ਲਈ ਆਖਿਆ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਜ਼ਾਨਾ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਬਾਰੇ ਪੁੱਛੇ ਜਾਣ 'ਤੇ ਕੇਂਦਰੀ ਗ੍ਰਹਿ ਮੰਤਰਾਲਾ ਦੇ ਸੰਯੁਕਤ ਸਕੱਤਰ ਐੱਸਸੀਐੱਲ ਦਾਸ ਨੇ ਦੱਸਿਆ ਕਿ ਕੇਂਦਰੀ ਟੀਮ ਨੇ ਆਪਣੇ ਪਾਕਿਸਤਾਨੀ ਹਮਰੁਤਬਿਆਂ ਕੋਲ ਇਸ ਮਸਲੇ ਨੂੰ ਉਠਾਇਆ ਹੈ। ਪਾਕਿਸਤਾਨ ਹੁਣ ਰੋਜ਼ਾਨਾ ਵੱਧ ਤੋਂ ਵੱਧ 5000 ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਦੇਣ ਲਈ ਸਹਿਮਤ ਹੋਇਆ ਹੈ ਅਤੇ ਵਿਸ਼ੇਸ਼ ਦਿਨਾਂ ਦੌਰਾਨ ਇਸ ਦੀ ਹੱਦ ਵਧਾਉਂਦਿਆਂ 10,000 ਜਾਂ ਇਸ ਤੋਂ ਵੱਧ ਹੋਵੇਗੀ।ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਜਾਂਚ ਬਿਊਰੋ ਦੇ ਕਮਿਸ਼ਨਰ ਰਾਜੀਵ ਰੰਜਨ ਵਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਡੇਰਾ ਬਾਬਾ ਨਾਨਕ ਵਿਖੇ ਪੁਲਿਸ ਅਤੇ ਸੁਰੱਖਿਆ ਦੇ ਮਜ਼ਬੂਤ ਬੁਨਿਆਦੀ ਢਾਂਚੇ ਦੀ ਉਸਾਰੀ ਲਈ 15,78,09,000 ਦੀ ਰਕਮ ਪ੍ਰਵਾਨ ਕੀਤੀ ਹੈ।ਮੀਟਿੰਗ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਵਿਜੈਇੰਦਰ ਸਿੰਗਲਾ, ਰਵੀਨ ਠੁਕਰਾਲ, ਬਾਬਾ ਸਰਬਜੋਤ ਸਿੰਘ ਬੇਦੀ, ਸੁਰੇਸ਼ ਕੁਮਾਰ, ਕਰਨ ਅਵਤਾਰ ਸਿੰਘ, ਸਤੀਸ਼ ਚੰਦਰਾ, ਕਲਪਨਾ ਮਿੱਤਲ ਬਰੂਆ, ਤੇਜਵੀਰ ਸਿੰਘ, ਸਰਬਜੀਤ ਸਿੰਘ, ਡੀਜੀਪੀ ਦਿਨਕਰ ਗੁਪਤਾ, ਡੀਜੀਪੀ ਇੰਟੈਲੀਜੈਂਸ ਵੀਕੇ ਭਾਵਰਾ ਆਦਿ ਸ਼ਾਮਲ ਸਨ।