ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਦੱਖਣੀ ਕੋਰੀਆ ਅਤੇ ਉੱਤਰ ਕੋਰੀਆ ਨੂੰ ਵੰਡਣ ਵਾਲੇ ਸਰਹੱਦੀ ਖੇਤਰ 'ਚ ਕਿਮ ਜੋਂਗ ਓਨ ਨਾਲ ਇਤਿਹਾਸਕ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਦੋਹਾਂ ਦੇਸ਼ਾਂ ਵਿਚਾਲੇ ਦੀ ਕੰਕ੍ਰੀਟ ਸਰਹੱਦ ਪਾਰ ਕਰ ਉੱਤਰ ਕੋਰੀਆ 'ਚ ਕਦਮ ਰੱਖਿਆ ਸੀ। ਟਰੰਪ ਉੱਤਰ ਕੋਰੀਆ ਦੀ ਧਰਤੀ 'ਤੇ ਪਹੁੰਚਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ। ਡੋਨਾਲਡ ਟਰੰਪ ਨੇ ਆਖਿਆ ਕਿ ਉਨ੍ਹਾਂ ਦੇ ਉੱਤਰ ਕੋਰੀਆ 'ਚ ਕਦਮ ਰੱਖਣ 'ਤੇ ਕਈ ਕੋਰੀਆਈ ਲੋਕਾਂ ਦੀ ਅੱਖਾਂ ਭਰ ਆਈਆਂ ਸਨ। ਕਿਮ ਦੇ ਨਾਲ ਮੁਲਾਕਾਤ ਤੋਂ ਬਾਅਦ ਓਸਾਨ ਏਅਰ ਬੇਸ 'ਤੇ ਅਮਰੀਕੀ ਫੌਜੀਆਂ ਨੂੰ ਟਰੰਪ ਨੇ ਆਖਿਆ ਕਿ ਮੈਂ ਉੱਤਰ ਕੋਰੀਆ 'ਚ ਕਦਮ ਰੱਖਿਆ ਅਤੇ ਉਹ ਕਹਿੰਦੇ ਹਨ ਕਿ ਇਹ ਇਤਿਹਾਸਕ ਪਲ ਸੀ।
ਉਨ੍ਹਾਂ ਕਿਹਾ ਕਿ ਮੈਂ ਦੇਖਿਆ ਕਿ ਕਈ ਲੋਕਾਂ ਦੀ ਅੱਖਾਂ ਭਰ ਆਈਆਂ ਸਨ। ਟਰੰਪ ਇਸ ਇਤਿਹਾਸਕ ਮੁਲਾਕਾਤ ਤੋਂ ਬਾਅਦ ਐੈਤਵਾਰ ਨੂੰ ਵ੍ਹਾਈਟ ਹਾਊਸ ਵਾਪਸ ਆ ਗਏ ਸਨ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਉੱਤਰ ਕੋਰੀਆ ਦੀ ਸਰਹੱਦ 'ਚ ਦਾਖਲ ਹੋ ਕੇ ਇਕ ਤਰ੍ਹਾਂ ਨਾਲ ਇਤਿਹਾਸ ਰਚ ਦਿੱਤਾ। ਇਹ ਪਹਿਲਾ ਮੌਕਾ ਸੀ ਜਦ ਕੋਈ ਅਮਰੀਕੀ ਰਾਸ਼ਟਰਪਤੀ ਉੱਤਰ ਕੋਰੀਆ ਪਹੁੰਚਿਆ। ਕਿਮ ਜੋਂਗ ਓਨ ਨਾਲ ਟਰੰਪ ਦੀ ਮੁਲਾਕਾਤ ਕਾਫੀ ਰੋਮਾਂਚਕ ਰਹੀ। ਉੱਤਰ ਅਤੇ ਦੱਖਣੀ ਕੋਰੀਆ ਵਿਚਾਲੇ ਗੈਰ-ਫੌਜੀ ਇਲਾਕੇ 'ਚ ਦੋਹਾਂ ਦੀ ਮੁਲਾਕਾਤ ਹੋਈ ਅਤੇ ਟਰੰਪ ਨੇ ਲੰਬੇ ਸਮੇਂ ਤੋਂ ਵਿਵਾਦ ਦਾ ਵਿਸ਼ਾ ਰਹੇ ਪ੍ਰਮਾਣੂ ਮੁੱਦੇ 'ਤੇ ਅੱਗੇ ਗੱਲਬਾਤ ਲਈ ਸਹਿਮਤੀ ਜਤਾਈ।



