
ਜ਼ੀਰਕਪੁਰ (ਨੇਹਾ): ਖੇਤਰ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੀ ਆਈ ਹੈ, ਜਿੱਥੇ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ 21 ਸਾਲਾ ਇਕ ਵਿਦਿਆਰਥਣ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਕੇ ਪੋਟਮਾਰਟਮ ਲਈ ਮੋਰਚਰੀ 'ਚ ਰੱਖਵਾ ਦਿੱਤਾ ਹੈ। ਪੁਲਿਸ ਅਨੁਸਾਰ ਮ੍ਰਿਤਕਾ ਦੀ ਪਛਾਣ ਉਸ਼ਾ ਕੁਮਾਰੀ ਬੋਥ (21) ਸਾਲਾ ਲੜਕੀ ਵਜੋਂ ਹੋਈ ਹੈ ਜੋ ਕਿ ਨਾਭਾ ਸਹਿਬ ਦੇ ਇਕ ਪੀਜੀ 'ਚ ਰਹਿੰਦੀ ਸੀ। ਇਥੇ ਟ੍ਰੇਨਿੰਗ ਲਈ ਆਈ ਹੋਈ ਸੀ ਤੇ ਸ਼ਿਮਲਾ ਦੇ ਇਕ ਕਾਲਜ ਦੀ ਵਿਦਿਆਰਥਣ ਸੀ।
ਹਾਦਸਾ ਕਿਵੇਂ ਵਾਪਰਿਆ, ਇਸ ਬਾਰੇ ਹਾਲੇ ਕੋਈ ਸਾਫ਼ ਜਾਣਕਾਰੀ ਨਹੀਂ ਮਿਲੀ। ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਤੇ ਮਾਮਲੇ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐਸਆਈ ਲਾਭ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹਰੇਕ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹਾਦਸਾ ਸੀ, ਖ਼ੁਦਕੁਸ਼ੀ ਜਾਂ ਕਿਸੇ ਹੋਰ ਕਾਰਨ ਕਰ ਕੇ ਵਾਪਰਿਆ। ਪੁਲਿਸ ਵੱਲੋਂ ਆਸ-ਪਾਸ ਦੀ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪੋਟਮਾਰਟਮ ਦੀ ਰਿਪੋਰਟ ਅਉਣ ਤੋਂ ਬਾਅਦ ਪਤਾ ਲੱਗ ਸਕਦਾ ਹੈ।