ਪੀਐੱਚਡੀ, ਡਬਲ ਐੱਮਏ ਪਾਸ ਮਾਂ 2 ਬੱਚਿਆਂ ਨਾਲ ਸਿੰਘੂ ਬਾਰਡਰ ਤੇ ਡਟੀ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੀ ਮਾਰ ਨੂੰ ਸਮਝਦੇ ਹੋਏ ਔਰਤਾਂ ਵੱਲੋਂ ਦਿੱਲੀ ਦੇ ਚਾਰ ਬਾਰਡਰਾਂ ਉਪਰ ਆਪਣੀ ਸ਼ਮੂਲੀਅਤ ਦਰਜ ਕਰਵਾ ਕੇ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਉਹ ਭਵਿੱਖ ਨੂੰ ਕਾਲਾ ਹੋਣ ਤੋਂ ਬਚਾਉਣ ਲਈ ਮੋਰਚੇ ’ਤੇ ਡਟੀਆਂ ਹੋਈਆਂ ਹਨ।

ਪਟਿਆਲਾ ਦੀ ਪੀਐੱਚਡੀ, ਡਬਲ ਐੱਮਏ ਪਾਸ ਮਨਪ੍ਰੀਤ ਕੌਰ ਆਪਣੇ 6 ਸਾਲ ਦੇ ਪੁੱਤਰ ਮਨਕਰਨ ਸਿੰਘ ਅਤੇ ਸਾਢੇ 8 ਸਾਲ ਦੀ ਧੀ ਜ਼ਿੰਦਗੀ ਨਾਲ ਸਿੰਘੂ ਬਾਰਡਰ ਉੱਤੇ ਮੋਰਚਾ ਸ਼ੁਰੂ ਹੋਣ ਤੋਂ ਹੀ ਡਟੀ ਹੋਈ ਹੈ। ਕੁਝ ਦਿਨਾਂ ਲਈ ਜਦੋਂ ਉਹ ਘਰ ਵਾਪਸ ਗਈ ਤਾਂ ਬੱਚਿਆਂ ਨੇ ਮੁੜ ਮੋਰਚੇ ਵਿੱਚ ਸ਼ਾਮਲ ਹੋਣ ਲਈ ਆਖਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਉਹ ਪਰਤ ਆਈ। ਉਸ ਨੇ ਕਿਹਾ,‘‘ਐਨੀ ਪੜ੍ਹਾਈ ਕਰਨ ਦੇ ਬਾਵਜੂਦ ਨੌਕਰੀ ਨਹੀਂ ਮਿਲੀ। ਇਸੇ ਕਾਰਨ ਮੈਂ ਸੱਚ ਬਨਾਮ ਝੂਠ ਦੇ ਅੰਦੋਲਨ ਵਿੱਚ ਸ਼ਾਮਲ ਹੋਈ ਹਾਂ। ਜ਼ਮੀਰ ਆਵਾਜ਼ਾਂ ਮਾਰ ਰਹੀ ਹੈ ਕਿ ਇਸ ਇਤਿਹਾਸਕ ਘੋਲ ਦਾ ਹਰ ਕਿਸਾਨ ਹਿੱਸਾ ਹੋਵੇ।’’

ਉਹ ਪਹਿਲਾਂ ਵੀ ਨਸ਼ਿਆਂ ਵਿਰੁੱਧ ਅਤੇ ਬੇਰੁਜ਼ਗਾਰਾਂ ਵੱਲੋਂ ਨੌਕਰੀਆਂ ਲਈ ਕੀਤੇ ਗਏ ਸੰਘਰਸ਼ਾਂ ਦਾ ਹਿੱਸਾ ਰਹੀ ਹੈ। ਹੁਣ ਉਹ ਬੱਚਿਆਂ ਨੂੰ ਵੀ ਅਜਿਹੇ ਸੰਘਰਸ਼ਾਂ ਦਾ ਹਿੱਸਾ ਬਣਾ ਰਹੀ ਹੈ ਤਾਂ ਜੋ ਉਹ ਹੁਣੇ ਤੋਂ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੇ ਰੂਬਰੂ ਹੋ ਜਾਣ। ਘਰ ਦੀਆਂ ਜ਼ਿੰਮੇਵਾਰੀਆਂ ਨੇ ਉਸ ਦਾ ਕਵਿਤਾ, ਕਹਾਣੀ ਲਿਖਣ ਦਾ ਸ਼ੌਕ ਵੀ ਖਾ ਲਿਆ ਹੈ।