ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪੋਂਪੀਓ ਭਾਰਤੀ ਤੇ ਅਮਰੀਕੀ ਉਦਯੋਗ ਦੇ ਲੋਕਾਂ ਨਾਲ ਮਿਲਣਗੇ ਤੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ ਭਾਸ਼ਣ ਦੇਣਗੇ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਪੋਂਪੀਓ ਵਿਚਾਲੇ ਭਾਰਤ ਵੱਲੋਂ ਰੂਸ ਤੋਂ ਐੱਸ-400 ਮਿਸਾਈਲ ਰੱਖਿਆ ਪ੍ਰਣਾਲੀ ਖ਼ਰੀਦਣ, ਅੱਤਵਾਦ, ਐੱਚ-1ਬੀ ਵੀਜ਼ਾ, ਵਪਾਰ ਤੇ ਇਰਾਨ ਤੋਂ ਤੇਲ ਖ਼ਰੀਦਣ ਵਰਗੇ ਕਈ ਮੁੱਦਿਆਂ 'ਤੇ ਚਰਚਾ ਕੀਤੀ।
ਪੋਂਪੀਓ ਦਾ ਇਹ ਦੌਰਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਜੀ-20 ਸ਼ਿਖਰ ਸੰਮੇਲਨ ਤੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਹੋ ਰਹੀ ਹੈ। ਇਹ ਸੰਮੇਲਨ 28-29 ਜੂਨ ਨੂੰ ਜਪਾਨ ਦੇ ਓਸਾਕਾ ਵਿੱਚ ਹੋਣ ਵਾਲਾ ਹੈ।ਪੋਂਪੀਓ ਜੈਸ਼ੰਕਰ ਨਾਲ ਬੈਠਕ ਤੋਂ ਇਲਾਵਾ ਭਾਰਤੀ ਵਿਦੇਸ਼ ਮੰਤਰੀ ਵੱਲੋਂ ਆਯੋਜਿਤ ਕੀਤੇ ਗਏ ਡਿਨਰ ਵਿੱਚ ਵੀ ਸ਼ਾਮਿਲ ਹੋਣਗੇ।



