ਰਾਸ਼ਟਰਪਤੀ ਬਣਨ ਤੇ ਬਾਇਡਨ ਨੂੰ PM ਟਰੂਡੋ ਨੇ ਦਿੱਤੀ ਵਧਾਈ

by vikramsehajpal

ਉਨਟਾਰੀਓ (ਐਨ.ਆਰ.ਆਈ ਮੀਡਿਆ) : ਡੈਮੋਕ੍ਰੈਟ ਜੋਅ ਬਾਇਡਨ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੇ ਕਮਲਾ ਹੈਰਿਸ ਨੂੰ ਉੱਪ ਰਾਸ਼ਟਰਪਤੀ ਬਣਨ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਧਾਈ ਦਿੱਤੀ। ਟਰੂਡੋ ਨੇ ਕਿਹਾ ਕਿ ਦੋਵੇਂ ਦੇਸ਼ ਨਜ਼ਦੀਕੀ ਦੋਸਤ, ਭਾਈਵਾਲ ਤੇ ਸਹਿਯੋਗੀ ਹਨ| ਅਸੀਂ ਅਜਿਹਾ ਰਿਸ਼ਤਾ ਸਾਂਝਾ ਕਰਦੇ ਹਾਂ ਜਿਹੜਾ ਦੁਨੀਆ ਦੇ ਮੰਚ ਉੱਤੇ ਵਿਲੱਖਣ ਹੈ| ਅਸੀਂ ਦੋਵਾਂ ਨਾਲ ਰਲ ਕੇ ਕੰਮ ਕਰਨ ਲਈ ਤਾਂਘਵਾਣ ਹਾਂ।

ਅੱਗੇ ਟਰੂਡੋ ਨੇ ਕਿਹਾ ਕਿ ਉਹ ਦੁਨੀਆਂ ਦੀਆਂ ਵੱਡੀਆਂ ਚੁਣੌਤੀਆਂ ਨਾਲ ਰਲ ਕੇ ਸਿੱਝਣ ਦੀ ਆਸ ਰੱਖਦੇ ਹਨ। ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਤੇ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਵੀ ਜੋਅ ਬਾਇਡਨ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੇ ਕਮਲਾ ਹੈਰਿਸ ਨੂੰ ਉੱਪ ਰਾਸ਼ਟਰਪਤੀ ਬਣਨ ਉੱਤੇ ਵਧਾਈ ਦਿੱਤੀ। ਸ਼ਨਿੱਚਰਵਾਰ ਸਵੇਰੇ ਬਾਇਡਨ ਨੂੰ ਪੈਨਿਨਸਿਲਵੇਨੀਆ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਜੇਤੂ ਕਰਾਰ ਦੇ ਦਿੱਤਾ ਗਿਆ।

ਡੌਨਲਡ ਟਰੰਪ ਨੂੰ ਹਰਾਉਣ ਲਈ ਯੂਐਸ ਇਲੈਕਟੋਰਲ ਕਾਲਜ ਵਿੱਚ ਲੋੜੀਂਦੀਆਂ 270 ਵੋਟਾਂ ਤੋਂ ਵੀ ਵੱਧ ਵੋਟਾਂ ਬਾਇਡਨ ਨੂੰ ਹਾਸਲ ਹੋ ਗਈਆਂ ਸਨ। ਬਾਇਡਨ ਅਮਰੀਕਾ ਦੇ 46ਵੇਂ ਰਾਸਟਰਪਤੀ ਬਣ ਗਏ ਹਨ। ਟਰੰਪ ਵੱਲੋਂ ਵਾਰੀ ਵਾਰੀ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਗਈ| ਉਨ੍ਹਾਂ ਵਾਰੀ ਵਾਰੀ ਬਿਨਾਂ ਸਬੂਤ ਦੇ ਇਹ ਦੋਸ਼ ਵੀ ਲਾਏ ਕਿ ਵੋਟਾਂ ਦੀ ਗਿਣਤੀ ਵਿੱਚ ਗੜਬੜੀ ਕੀਤੀ ਗਈ ਹੈ| ਬਾਇਡਨ ਦੇ ਰਾਸ਼ਟਰਪਤੀ ਬਣਨ ਨਾਲ ਕੈਨੇਡਾ ਨੂੰ ਹਰ ਮਾਮਲੇ ਵਿੱਚ ਜਿਹੜਾ ਫੂਕ ਫੂਕ ਕੇ ਕਦਮ ਰੱਖਣਾ ਪੈਂਦਾ ਹੈ ਉਸ ਤੋਂ ਨਿਜਾਤ ਮਿਲੇਗੀ| ਜਦੋਂ ਤੋਂ ਟਰੰਪ ਨੇ ਆਫਿਸ ਸਾਂਭਿਆ ਸੀ ਉਦੋਂ ਤੋਂ ਉਹ ਕਿਹੜੇ ਵੇਲੇ ਕੀ ਫੈਸਲਾ ਲੈ ਲੈਣ ਇਸ ਦਾ ਪਤਾ ਹੀ ਨਹੀਂ ਸੀ ਲੱਗਦਾ।

ਦਸਯੋਗ ਹੈ ਕਿ ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਤੇ ਬਾਅਦ ਵਿੱਚ ਵਾਰੀ ਵਾਰੀ ਨਾਫਟਾ ਡੀਲ ਨੂੰ ਖਤਮ ਕਰਨ ਦੀ ਧਮਕੀ ਦਿੱਤੀ| ਕੈਨੇਡਾ ਨੂੰ ਮੈਕਸਿਕੋ ਸਮੇਤ ਨਾਫਟਾ ਦੀ ਥਾਂ ਉੱਤੇ ਅਜਿਹੀ ਡੀਲ ਉੱਤੇ ਸਹਿਮਤੀ ਬਣਾਉਣੀ ਪਈ ਜਿਹੜੀ ਪਿਛਲੀਆਂ ਗਰਮੀਆਂ ਵਿੱਚ ਪ੍ਰਭਾਵੀ ਹੋਈ। ਇੱਥੇ ਹੀ ਬੱਸ ਨਹੀਂ ਟਰੰਪ ਨੇ ਕੈਨੇਡੀਅਨ ਕਿਸਾਨਾਂ ਨੂੰ ਹੀ ਨਹੀਂ ਸਗੋਂ ਟਰੂਡੋ ਨੂੰ ਵੀ ਬੇਇੱਜ਼ਤ ਕੀਤਾ ਤੇ ਕੈਨੇਡਾ ਉੱਤੇ ਸਟੀਲ ਤੇ ਐਲੂਮੀਨੀਅਮ ਟੈਰਿਫ ਲਾਏ| ਟਰੰਪ ਨੇ ਟਰੂਡੋ ਨੂੰ ਜੂਨ 2018 ਵਿੱਚ ਕਿਊਬਿਕ ਵਿੱਚ ਹੋਈ ਜੀ-7 ਆਗੂਆਂ ਦੀ ਸਿਖਰ ਵਾਰਤਾ ਵਿੱਚ ਬੇਈਮਾਨ ਤੇ ਕਮਜ਼ੋਰ ਆਗੂ ਆਖਿਆ।