ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ਼ਰਧਾਲੂ ਨੂੰ ਖੁਆਇਆ ਜ਼ਹਿਰੀਲਾ ਪ੍ਰਸਾਦ, ਮੌਤ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ)- ਦਰਬਾਰ ਸਾਹਿਬ ਦੇ ਬਾਹਰ ਘੰਟਾਘਰ ਪਲਾਜ਼ਾ ’ਚ ਜ਼ਹਿਰੀਲਾ ਪ੍ਰਸਾਦ ਖੁਆ ਕੇ ਸ਼ਰਧਾਲੂ ਦੀ ਹੱਤਿਆ ਕਰ ਦਿੱਤੀ ਗਈ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਰਧਾਲੂ ਦਾ ਮੋਬਾਈਲ ਤੇ ਸੋਨੇ ਦੀ ਮੁੰਦਰੀ ਲੈ ਕੈ ਫਰਾਰ ਹੋ ਗਏ। ਤਬੀਅਤ ਵਿਗੜਨ ’ਤੇ ਪਿਆਰਾ ਸਿੰਘ ਨੂੰ ਤੁਰੰਤ ਸ੍ਰੀ ਗੁਰੂ ਰਾਮਦਾਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਰਾਹ ’ਚ ਹੀ ਉਸ ਦੀ ਮੌਤ ਹੋ ਚੁੱਕੀ ਸੀ।

ਓਧਰ, ਕੋਤਵਾਲੀ ਥਾਣੇ ਦੇ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਘੰਟਾਘਰ ਪਲਾਜ਼ਾ ਤੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਮੁਲਾਜ਼ਮ ਕਾਫੀ ਦੇਰ ਤੋਂ ਪੀੜਤ ਪਰਿਵਾਰ ਦਾ ਪਿੱਛਾ ਕਰ ਰਹੇ ਸਨ।

ਗੁਰਦਾਸਪੁਰ ਸਥਿਤ ਕਲਾਨੌਰ ਨਿਵਾਸੀ ਸੁਰਜੀਤ ਕੌਰ ਨੇ ਦੱਸਿਆ ਕਿ ਮੱਸਿਆ ਮਨਾਉਣ ਲਈ ਉਹ ਆਪਣੇ ਪਤੀ ਪਿਆਰਾ ਸਿੰਘ ਨਾਲ ਸ਼ੁੱਕਰਵਾਰ ਸ਼ਾਮ ਅੰਮ੍ਰਿਤਸਰ ਪੁੱਜੀ ਸੀ। ਸ਼ਾਮ ਕਰੀਬ 6 ਵਜੇ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਪੁੱਜ ਗਏ ਤੇ ਘੰਟਾਘਰ ਪਲਾਜ਼ੇ ’ਚ ਬੈਠ ਕੇ ਆਰਾਮ ਕਰਨ ਲੱਗੇ। ਇਸ ਵਿਚਾਲੇ ਦੋ ਵਿਅਕਤੀ ਉਨ੍ਹਾਂ ਕੋਲ ਆ ਕੇ ਬੈਠ ਗਏ। ਮੁਲਜ਼ਮ ਉਨ੍ਹਾਂ ਨਾਲ ਧਾਰਮਿਕ ਗੱਲਾਂ ਕਰਨ ਲੱਗੇ। ਇਸ ਵਿਚਾਲੇ ਇਕ ਵਿਅਕਤੀ ਨੇ ਆਪਣਾ ਬਿੱਟੂ ਤੇ ਦੂਜੇ ਨੇ ਗੁਰਦਾਸ ਸਿੰਘ ਦੱਸਿਆ।ਗੱਲਾਂ-ਗੱਲਾਂ 'ਚ ਗੁਰਦਾਸ ਸਿੰਘ ਨਾਂ ਦੇ ਵਿਅਕਤੀ ਨੇ ਆਪਣੇ ਕੋਲ ਰੱਖੇ ਲਿਫ਼ਾਫ਼ੇ ’ਚੋਂ ਲੱਡੂ ਕੱਢੇ ਤੇ ਉਨ੍ਹਾਂ ਨੂੰ ਪ੍ਰਸਾਦ ਕਹਿ ਕੇ ਦੇਣ ਲੱਗੇ। ਉਨ੍ਹਾਂ ਦੇ ਪਤੀ ਪਿਆਰਾ ਸਿੰਘ ਨੇ ਲੱਡੂ ਲੈ ਕੇ ਖਾ ਲਿਆ ਪਰ ਉਨ੍ਹਾਂ (ਸੁਰਜੀਤ ਕੌਰ) ਨੇ ਲੱਡੂ ਲੈਣ ਤੋਂ ਇਨਕਾਰ ਕਰ ਦਿੱਤਾ। ਕੁਝ ਦੇਰ ਬਾਅਦ ਪਿਆਰਾ ਸਿੰਘ ਪਖਾਨੇ ਵੱਲ ਚਲੇ ਗਏ। ਦੋਵੇਂ ਵਿਅਕਤੀ ਵੀ ਉੱਠ ਕੇ ਉਨ੍ਹਾਂ ਦੇ ਪਿੱਛੇ ਚਲੇ ਗਏ।

ਕੁਝ ਦੇਰ ਬਾਅਦ ਪਤੀ ਜਦੋਂ ਪਰਤਿਆ ਤਾਂ ਉਨ੍ਹਾਂ ਦੀ ਤਬੀਅਤ ਵਿਗੜ ਚੁੱਕੀ ਸੀ। ਸੰਗਤ ਦੇ ਸਹਿਯੋਗ ਨਾਲ ਪਤੀ ਨੂੰ ਕਿਸੇ ਤਰ੍ਹਾਂ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਰਾਹ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ।