ਮੁਹਾਲੀ ‘ਚ ਪੁਲਿਸ ਮੁਕਾਬਲਾ, ਗੋਲੀ ਲੱਗਣ ਨਾਲ ਜ਼ਖ਼ਮੀ

by jaskamal

ਪੱਤਰ ਪ੍ਰੇਰਕ : ਪੰਜਾਬ ਦੇ ਮੁਹਾਲੀ ਵਿੱਚ ਪੁਲਿਸ ਦਾ ਗੈਂਗਸਟਰ ਨਾਲ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੁਕਾਬਲੇ ਵਿੱਚ ਗੈਂਗਸਟਰ ਸ਼ਰਨਜੀਤ ਸਿੰਘ ਸੰਨੀ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਕਾਬੂ ਕਰਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਹੈ। ਸੰਨੀ ਪਾਕਿਸਤਾਨ 'ਚ ਬੈਠੇ ਖਾਲਿਸਤਾਨੀ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਉਸ ਨੂੰ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹਾਲਤ 'ਚ ਗ੍ਰਿਫਤਾਰ ਕਰ ਲਿਆ ਗਿਆ। ਮੁਕਾਬਲੇ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੰਨੀ ਡਰੋਨ ਰਾਹੀਂ ਹਥਿਆਰਾਂ ਅਤੇ ਡਰੱਗ ਤਸਕਰੀ ਦੇ ਨੈੱਟਵਰਕ ਨਾਲ ਜੁੜਿਆ ਹੋਇਆ ਹੈ। ਉਹ ਬਟਾਲਾ, ਗੁਰਦਾਸਪੁਰ ਦਾ ਰਹਿਣ ਵਾਲਾ ਹੈ।

ਪੰਜਾਬ ਪੁਲਸ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਸੰਨੀ ਬਾਰੇ ਦੱਸਿਆ। ਜਿਸ ਵਿੱਚ ਪੁਲਿਸ ਨੂੰ ਇਨਪੁੱਟ ਮਿਲਿਆਸੀ ਕਿ ਸੰਨੀ ਮੁਹਾਲੀ ਇਲਾਕੇ ਵਿੱਚ ਲੁਕਿਆ ਹੋਇਆ ਹੈ। ਇਸ ਤੋਂ ਬਾਅਦ ਮੁਹਾਲੀ ਦੇ ਬਲੌਂਗੀ ਇਲਾਕੇ ਵਿੱਚ ਪੁਲਿਸ ਟੀਮਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ, ਜਿਸ ਤੋਂ ਬਾਅਦ ਇਹ ਮੁਕਾਬਲਾ ਹੋ ਗਿਆ।

ਵੀਰਵਾਰ ਸ਼ਾਮ ਨੂੰ ਜਿਵੇਂ ਹੀ ਮੁਹਾਲੀ ਅਤੇ ਬਟਾਲਾ ਪੁਲਿਸ ਗੈਂਗਸਟਰ ਸੰਨੀ ਦੇ ਨੇੜੇ ਪਹੁੰਚੀ ਤਾਂ ਉਸ ਨੇ ਪਹਿਲਾਂ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਉਹ ਜਾ ਕੇ ਗਊਸ਼ਾਲਾ ਵਿੱਚ ਲੁਕ ਗਿਆ। ਜਿਸ ਤੋਂ ਬਾਅਦ ਕੁਝ ਦੇਰ ਤੱਕ ਪੁਲਿਸ ਅਤੇ ਉਸ ਵਿਚਕਾਰ ਗੋਲੀਬਾਰੀ ਹੁੰਦੀ ਰਹੀ। ਜ਼ਖਮੀ ਹੋਣ ਤੋਂ ਬਾਅਦ ਗ੍ਰਿਫਤਾਰੀ ਸਮੇਂ ਉਸ ਕੋਲੋਂ ਇਕ ਪਿਸਤੌਲ ਅਤੇ 2 ਕਾਰਤੂਸ ਬਰਾਮਦ ਹੋਏ ਹਨ।