ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੇ ਹੱਤਿਆ ਤੋਂ 5 ਦਿਨ ਬਾਅਦ ਪੁਲਸ ਨੂੰ ਮਿਲਿਆ ਸੁਰਾਗ

by vikramsehajpal

ਜਲੰਧਰ (ਦੇਵ ਇੰਦਰਜੀਤ) : ਡਿਪਟੀ ਦੇ ਘਰੋਂ ਨਿਕਲਦੇ ਹੀ 4-5 ਮਿੰਟਾਂ ਬਾਅਦ ਸ਼ਰੇਆਮ ਉਸ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਪੁਲਸ ਡਿਪਟੀ ਦੇ ਕਿਸੇ ਨਜ਼ਦੀਕੀ ’ਤੇ ਸ਼ੱਕ ਕਰ ਰਹੀ ਹੈ। ਪੁਲਸ ਨੇ ਡਿਪਟੀ ਦੇ ਘਰ ਦੇ ਆਲੇ-ਦੁਆਲੇ ਕਈ ਥਾਵਾਂ ਤੋਂ ਸੀ. ਸੀ. ਟੀ. ਵੀ. ਫੁਟੇਜ ਕਢਵਾ ਕੇ ਮਾਮਲੇ ਦੀ ਜਾਂਚ ਕੀਤੀ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਹੱਤਿਆਰੇ ਡਿਪਟੀ ਦੇ ਘਰ ਦੇ ਆਲੇ-ਦੁਆਲੇ ਵੀ ਸਵਿੱਫਟ ਕਾਰ ਵਿਚ ਘੁੰਮਦੇ ਰਹੇ ਅਤੇ ਜਿਉਂ ਹੀ ਡਿਪਟੀ ਘਰੋਂ ਬਾਹਰ ਨਿਕਲਿਆ ਤਾਂ ਸਿਰਫ 4-5 ਮਿੰਟਾਂ ਵਿਚ ਉਸ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ। ਪੁਲਸ ਇਹ ਵੀ ਮੰਨ ਕੇ ਚੱਲ ਰਹੀ ਹੈ ਕਿ ਹੋ ਸਕਦਾ ਹੈ ਕਿ ਡਿਪਟੀ ਦੇ ਘਰ ਦੇ ਆਲੇ-ਦੁਆਲਿਓਂ ਕਿਸੇ ਨੇ ਜਾਂ ਉਸ ਦੇ ਕਿਸੇ ਨਜ਼ਦੀਕੀ ਨੇ ਹੱਤਿਆਰਿਆਂ ਨੂੰ ਡਿਪਟੀ ਦੇ ਘਰੋਂ ਬਾਹਰ ਨਿਕਲਣ ਦੀ ਸੂਚਨਾ ਦਿੱਤੀ ਹੋਵੇ। ਪੁਲਸ ਨੇ ਘਟਨਾ ਸਥਾਨ ਅਤੇ ਡਿਪਟੀ ਦੇ ਘਰ ਨੇੜਿਓਂ ਡੰਪ ਡਾਟਾ ਵੀ ਚੁਕਵਾਇਆ ਹੈ, ਜਿਸ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਵਾਰਦਾਤ ਤੋਂ ਪਹਿਲਾਂ ਡਿਪਟੀ ਆਪਣੇ ਪਿਤਾ ਨੂੰ ਕਿਸੇ ਦੇ ਜਨਮ ਦਿਨ ਦਾ ਕੇਕ ਕੱਟਣ ਦੀ ਗੱਲ ਕਹਿ ਕੇ ਨਿਕਲਿਆ ਸੀ ਪਰ ਕੁਝ ਮਿੰਟਾਂ ਬਾਅਦ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਘਟਨਾ ਸਥਾਨ ਤੋਂ ਡਿਪਟੀ ਦਾ ਫੋਨ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ, ਜਿਸ ਦੇ ਆਧਾਰ ’ਤੇ ਡਿਪਟੀ ਨੂੰ ਆਖ਼ਰੀ ਫੋਨ ਕਰਨ ਵਾਲੇ ਨੌਜਵਾਨ ਨੂੰ ਵੀ ਪੁਲਸ ਨੇ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ, ਜਿਸ ਤੋਂ ਕਾਫੀ ਸਮਾਂ ਪੁੱਛਗਿੱਛ ਕੀਤੀ ਗਈ।

ਸਥਾਨਕ ਗੋਪਾਲ ਨਗਰ ਨੇੜੇ ਪੈਂਦੀ ਨਵੀਂ ਦਾਣਾ ਮੰਡੀ ਦੇ ਬਾਹਰ ਮਿੱਕੀ ਅਗਵਾ ਕਾਂਡ ਵਿਚ ਨਾਮਜ਼ਦ ਰਹੇ ਕਾਂਗਰਸ ਦੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਲਗਭਗ 5 ਦਿਨਾਂ ਬਾਅਦ ਵੀ ਕਮਿਸ਼ਨਰੇਟ ਪੁਲਸ ਫਿਲਹਾਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਪਰ ਹੱਤਿਆ ਕਾਂਡ ਨੂੰ ਸੁਲਝਾਉਣ ਲਈ ਪੁਲਸ ਨੇ ਡਿਪਟੀ ਦੇ ਕੁਝ ਨਜ਼ਦੀਕੀਆਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਹੈ, ਜਿਸ ਦੇ ਆਧਾਰ ’ਤੇ ਕਮਿਸ਼ਨਰੇਟ ਪੁਲਸ ਨੂੰ ਮੁਲਜ਼ਮਾਂ ਬਾਰੇ ਅਹਿਮ ਸੁਰਾਗ ਮਿਲੇ ਹਨ।

ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਹੱਤਿਆ ਕਾਂਡ ਨੂੰ ਸੁਲਝਾਉਣ ਲਈ ਕਮਿਸ਼ਨਰੇਟ ਪੁਲਸ ਜੇਲ੍ਹ ਵਿਚ ਬੰਦ ਕੁਝ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਹੱਥ ਹੋਰ ਵੀ ਅਹਿਮ ਸੁਰਾਗ ਲੱਗੇ ਹਨ, ਜਿਸ ਦੇ ਆਧਾਰ ’ਤੇ ਪੁਲਸ ਇਸ ਮਾਮਲੇ ਦੀ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ, ਜਦੋਂ ਕਿ ਇਸ ਮਾਮਲੇ ਵਿਚ ਮੁਲਜ਼ਮਾਂ ਦੀ ਸ਼ਨਾਖਤ ਅਤੇ ਗ੍ਰਿਫ਼ਤਾਰੀ ਲਈ ਦੂਜੇ ਸੂਬਿਆਂ ਵਿਚ ਵੀ ਪੁਲਸ ਦੀਆਂ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ।

ਮਿੱਕੀ ਅਗਵਾ ਕਾਂਡ ਵਿਚ ਨਾਮਜ਼ਦ ਰਹੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੀ ਨਵੀਂ ਦਾਣਾ ਮੰਡੀ ਨੇੜੇ ਸਵਿੱਫਟ ਕਾਰ ਸਵਾਰ ਮੁਲਜ਼ਮਾਂ ਨੇ ਸੜਕ ਦੇ ਵਿਚਾਲੇ ਤਾਬੜਤੋੜ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਸੀ। ਉਪਰੰਤ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ। ਘਟਨਾ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਦੀ ਗੱਡੀ ਦੇ ਨੰਬਰ ਦੇ ਆਧਾਰ ’ਤੇ ਕਾਰ ਦੇ ਮਾਲਕ ਕਬੱਡੀ ਖਿਡਾਰੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਪਰ ਜਾਂਚ ਵਿਚ ਕਾਰ ਦਾ ਨੰਬਰ ਫਰਜ਼ੀ ਪਾਇਆ ਗਿਆ, ਜਿਸ ਤੋਂ ਬਾਅਦ ਪੁਲਸ ਨੇ ਕਾਰ ਦੇ ਮਾਲਕ ਨੂੰ ਛੱਡ ਦਿੱਤਾ। ਦੂਜੇ ਪਾਸੇ ਪੁਲਸ ਨੇ ਰੋਪੜ ਅਤੇ ਕੁਝ ਹੋਰ ਥਾਵਾਂ ਤੋਂ ਵੀ ਮਾਮਲੇ ਦੀ ਜਾਂਚ ਲਈ ਕੁਝ ਲੋਕਾਂ ਨੂੰ ਪੁੱਛਗਿੱਛ ਵਾਸਤੇ ਹਿਰਾਸਤ ਵਿਚ ਲਿਆ ਹੈ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ’ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਮਾਮਲਾ ਟਰੇਸ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਕਤਲ ਕਾਂਡ ਦੇ ਮਾਮਲੇ ਨੂੰ ਸੁਲਝਾਉਣ ਲਈ ਕਮਿਸ਼ਨਰੇਟ ਪੁਲਸ ਦੀਆਂ ਕਈ ਟੀਮਾਂ ਇਨਵੈਸਟੀਗੇਸ਼ਨ ਕਰ ਰਹੀਆਂ ਹਨ। ਪੁਲਸ ਕਈ ਲੋਕਾਂ ਕੋਲੋਂ ਇਸ ਮਾਮਲੇ ਵਿਚ ਪੁੱਛਗਿੱਛ ਕਰ ਰਹੀ ਹੈ। ਪੁਲਸ ਹੱਥ ਕਈ ਅਹਿਮ ਸੁਰਾਗ ਲੱਗੇ ਹਨ। ਕਮਿਸ਼ਨਰੇਟ ਪੁਲਸ ਹੁਣ ਡਿਪਟੀ ਦੇ ਦੋਸਤਾਂ ਅਤੇ ਨਜ਼ਦੀਕੀਆਂ ਨੂੰ ਵੀ ਜਾਂਚ ਵਿਚ ਸ਼ਾਮਲ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਕਰੇਗੀ। ਉਨ੍ਹਾਂ ਦੱਸਿਆ ਕਿ ਕਾਲ ਡਿਟੇਲ ਅਤੇ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਡਿਪਟੀ ਦੇ ਦੋਸਤਾਂ ਅਤੇ ਨਜ਼ਦੀਕੀਆਂ ਦੀ ਸੂਚੀ ਤਿਆਰ ਕਰ ਲਈ ਹੈ। ਡਿਪਟੀ ਕਿਹੜੇ-ਕਿਹੜੇ ਲੋਕਾਂ ਨੂੰ ਮਿਲਦਾ ਸੀ ਅਤੇ ਕਿਹੜੇ-ਕਿਹੜੇ ਲੋਕਾਂ ਦੇ ਸੰਪਰਕ ਵਿਚ ਸੀ, ਦੇ ਆਧਾਰ ’ਤੇ ਪੁਲਸ ਉਸਦੇ ਦੋਸਤਾਂ ਅਤੇ ਨਜ਼ਦੀਕੀਆਂ ਨੂੰ ਜਲਦ ਜਾਂਚ ਲਈ ਬੁਲਾਏਗੀ।