ਪੇਸ਼ਾਵਰ (ਜਸਪ੍ਰੀਤ) : ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਸੂਬੇ ਖੈਬਰ ਪਖਤੂਨਖਵਾ 'ਚ ਪੋਲੀਓ ਟੀਕਾਕਰਨ ਟੀਮ 'ਤੇ ਹਮਲਾ ਕਰਨ ਵਾਲੇ ਤਿੰਨ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਮਾਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਇਕ ਹੋਰ ਘਟਨਾ 'ਚ ਅੱਤਵਾਦੀਆਂ ਨੇ ਉਸੇ ਸੂਬੇ 'ਚ ਇਕ 'ਡਿਸਪੈਂਸਰੀ' 'ਚ ਪੋਲੀਓ ਟੀਕਾਕਰਨ ਟੀਮ ਨੂੰ ਬੰਧਕ ਬਣਾ ਲਿਆ। ਪੋਲੀਓ ਟੀਕਾਕਰਨ ਟੀਮ 'ਤੇ ਹਮਲੇ ਤੋਂ ਇਕ ਦਿਨ ਪਹਿਲਾਂ, ਸੋਮਵਾਰ ਨੂੰ, ਪਾਕਿਸਤਾਨ ਨੇ 4.5 ਕਰੋੜ ਬੱਚਿਆਂ ਦਾ ਟੀਕਾਕਰਨ ਕਰਨ ਲਈ ਆਪਣੀ ਤੀਜੀ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ।
ਪਹਿਲੀ ਘਟਨਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਔਰਕਜ਼ਈ ਕਬਾਇਲੀ ਜ਼ਿਲੇ 'ਚ ਵਾਪਰੀ, ਜਿੱਥੇ ਪੋਲੀਓ ਟੀਕਾਕਰਨ ਕਰਮਚਾਰੀਆਂ 'ਤੇ ਹੋਏ ਹਮਲੇ 'ਚ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਘੱਟੋ-ਘੱਟ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਉੱਤਰੀ ਵਜ਼ੀਰਿਸਤਾਨ ਦੀ ਤਹਿਸੀਲ ਸ਼ੇਵਾ ਵਿੱਚ ਵਾਪਰੀ ਦੂਜੀ ਘਟਨਾ ਵਿੱਚ ਅੱਤਵਾਦੀਆਂ ਨੇ ਮਾਮੇਤ ਕੋਟ ‘ਡਿਸਪੈਂਸਰੀ’ ਵਿੱਚ ਪੋਲੀਓ ਟੀਕਾਕਰਨ ਟੀਮ ਨੂੰ ਬੰਧਕ ਬਣਾ ਲਿਆ। ਸੂਤਰਾਂ ਮੁਤਾਬਕ ਹਮਲਾਵਰਾਂ ਨੇ ਪੁਲਿਸ ਅਧਿਕਾਰੀਆਂ ਕੋਲੋਂ ਹਥਿਆਰ ਵੀ ਜ਼ਬਤ ਕਰ ਲਏ ਹਨ। ਪਾਕਿਸਤਾਨ ਵਿੱਚ ਕਬਾਇਲੀ ਲੋਕ ਆਪਣੇ ਬੱਚਿਆਂ ਨੂੰ ਪੋਲੀਓ ਦੇ ਟੀਕੇ ਲਗਾਉਣ ਦੇ ਵਿਰੁੱਧ ਹਨ ਅਤੇ ਇਸ ਨੂੰ ਗੈਰ-ਇਸਲਾਮਿਕ ਦੱਸਦੇ ਹੋਏ ਆਪਣੇ ਵਿਚਾਰ ਦਾ ਸਮਰਥਨ ਕਰਨ ਲਈ ਸ਼ਰੀਆ ਦਾ ਹਵਾਲਾ ਦਿੰਦੇ ਹਨ। ਪਾਕਿਸਤਾਨ ਨੇ ਸੋਮਵਾਰ ਨੂੰ 45 ਮਿਲੀਅਨ ਬੱਚਿਆਂ ਨੂੰ ਮਾਰੂ ਬਿਮਾਰੀ ਤੋਂ ਬਚਾਉਣ ਲਈ ਆਪਣੀ ਤੀਜੀ ਦੇਸ਼ ਵਿਆਪੀ ਪੋਲੀਓ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ। ਪਾਕਿਸਤਾਨ ਦੇ 16 ਜ਼ਿਲ੍ਹਿਆਂ ਤੋਂ ਲਏ ਗਏ ਨਮੂਨਿਆਂ ਵਿੱਚ ਪੋਲੀਓ ਵਾਇਰਸ ਪਾਇਆ ਗਿਆ ਹੈ।