ਪ੍ਰਦੂਸ਼ਣ ਮਾਮਲਾ : ਕੇਂਦਰ ਤੇ ਸੂਬਾ ਸਰਕਾਰ ਨੂੰ 24 ਘੰਟਿਆਂ ‘ਚ ਸੁਝਾਅ ਦੇਣ ਦੀ ਹਦਾਇਤ

by jaskamal

ਨਿਊਜ਼ ਡੈਸਕ : ਦਿੱਲੀ-ਐੱਨਸੀਆਰ ’ਚ ਵਿਗੜਦੀ ਹਵਾ ਗੁਣਵੱਤਾ ’ਤੇ ਕਾਬੂ ਪਾਉਣ ਲਈ ਜ਼ਮੀਨੀ ਪੱਧਰ ’ਤੇ ਕੋਈ ਹੀਲਾ ਨਾ ਕੀਤੇ ਜਾਣ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਅੱਜ ਕੇਂਦਰ ਤੇ ਦਿੱਲੀ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪ੍ਰਦੂਸ਼ਣ ’ਤੇ ਕੰਟਰੋਲ ਲਈ 24 ਘੰਟਿਆਂ ਦੇ ਅੰਦਰ ਸੁਝਾਅ ਪੇਸ਼ ਕਰਨ। ਉਨ੍ਹਾਂ ਕਿਹਾ,‘‘ਤੁਸੀਂ ਸਾਡੇ ਮੋਢਿਆਂ ’ਤੇ ਬੰਦੂਕ ਰੱਖ ਕੇ ਗੋਲੀਆਂ ਨਹੀਂ ਦਾਗ਼ ਸਕਦੇ ਹੋ।’’ ਸੁਪਰੀਮ ਕੋਰਟ ਨੇ ਚਿਤਾਵਨੀ ਦਿੰਦਿਆਂ ਕਿਹਾ, ‘‘ਅਸੀਂ ਤੁਹਾਡੀ ਅਫ਼ਸਰਸ਼ਾਹੀ ’ਚ ਸਿਰਜਣਾਤਮਕਤਾ ਨਹੀਂ ਭਰ ਸਕਦੇ। ਜੇਕਰ ਅਧਿਕਾਰੀ ਪ੍ਰਦੂਸ਼ਣ ਕੰਟਰੋਲ ਕਰਨ ’ਚ ਨਾਕਾਮ ਰਹੇ ਹਨ ਤਾਂ ਤੁਹਾਨੂੰ ਕੁਝ ਨਿਵੇਕਲੇ ਕਦਮ ਉਠਾਉਣੇ ਪੈਣਗੇ।’’ ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਵਿਸ਼ੇਸ਼ ਬੈਂਚ ਨੇ ਕਿਹਾ ਕਿ ਉਨ੍ਹਾਂ ਜ਼ਮੀਨੀ ਪੱਧਰ ’ਤੇ ਪ੍ਰਦੂਸ਼ਣ ਦਾ ਪੱਧਰ ਘਟਾਉਣ ਲਈ ਗੰਭੀਰ ਕਾਰਵਾਈ ਦੀ ਆਸ ਕੀਤੀ ਸੀ। ਬੈਂਚ ਨੇ ਕਿਹਾ,‘‘ਸਾਡੇ ਵਿਚਾਰ ਨਾਲ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਤੇ ਕੁਝ ਵੀ ਨਹੀਂ ਹੋ ਰਿਹਾ ਹੈ।

ਇਸ ’ਤੇ ਬੈਂਚ ਨੇ ਕਿਹਾ,‘‘ਸ੍ਰੀ ਮਹਿਤਾ, ਅਸੀਂ ਗੰਭੀਰ ਐਕਸ਼ਨ ਦੀ ਆਸ ਕਰ ਰਹੇ ਹਾਂ ਅਤੇ ਜੇਕਰ ਤੁਸੀਂ ਨਹੀਂ ਲੈ ਸਕਦੇ ਤਾਂ ਫਿਰ ਅਸੀਂ ਕਦਮ ਉਠਾਵਾਂਗੇ। ਅਸੀਂ ਤੁਹਾਨੂੰ 24 ਘੰਟੇ ਦੇ ਰਹੇ ਹਾਂ।’’ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਕੰਟਰੋਲ ਲਈ ਉਠਾਏ ਗਏ ਕਦਮਾਂ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ ਅਤੇ ਐੱਨਸੀਆਰ ਤੇ ਨਾਲ ਲੱਗਦੇ ਇਲਾਕਿਆਂ ’ਚ ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮਿਸ਼ਨ ਦੀਆਂ ਤਾਕਤਾਂ ਸਬੰਧੀ ਸਵਾਲ ਕੀਤਾ। ਬੈਂਚ ਨੇ ਕਿਹਾ,‘‘ਕਦਮ ਉਠਾਏ ਜਾਣ ਦੇ ਬਾਵਜੂਦ ਅਸੀਂ ਪ੍ਰਦੂਸ਼ਣ ਕੰਟਰੋਲ ਨਹੀਂ ਕਰ ਪਾ ਰਹੇ ਹਾਂ। ਇਸ ਕਮਿਸ਼ਨ ’ਚ ਕਿੰਨੇ ਮੈਂਬਰ ਹਨ, ਇਸ ਦੀ ਸਾਨੂੰ ਜਾਣਕਾਰੀ ਦਿਓ।’’ ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਕਮਿਸ਼ਨ ’ਚ 16 ਮੈਂਬਰ ਹਨ ਅਤੇ ਕਿਹਾ ਕਿ ਉਹ ਮੰਤਰੀ ਨਾਲ ਗੱਲ ਕਰਨਾ ਚਾਹੁੰਦੇ ਹਨ। ‘ਸਿਖਰਲੇ ਅਹੁਦੇਦਾਰ ਵੀ ਫਿਕਰਮੰਦ ਹਨ। ਮੈਨੂੰ ਹਦਾਇਤਾਂ ਲੈਣ ਲਈ ਸਮਾਂ ਦਿਓ।’ ਪਟੀਸ਼ਨਰਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਟਾਸਕ ਫੋਰਸ ਬਣਾਉਣ ਦੀ ਲੋੜ ਹੈ ਅਤੇ ਸੁਝਾਅ ਦਿੱਤਾ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਆਰ ਐੱਫ ਨਰੀਮਨ ਇਸ ਦੀ ਅਗਵਾਈ ਕਰ ਸਕਦੇ ਹਨ। ਉਨ੍ਹਾਂ ਕਿਹਾ,‘‘ਹਵਾ ਗੁਣਵੱਤਾ ਸੂਚਕ ਅੰਕ ਅੱਜ 500 ਹੈ ਜੋ ਗੰਭੀਰ ਮਾਮਲਾ ਹੈ। ਜਲ ਛਿੜਕਾਅ ਜਿਹੇ ਉਠਾਏ ਗਏ ਕਦਮ ਕੰਮ ਕਰ ਰਹੇ ਹਨ ਜਾਂ ਨਹੀਂ, ਇਨ੍ਹਾਂ ਨੂੰ ਦੇਖਣ ਲਈ ਉੱਡਣ ਦਸਤੇ ਦੀ ਲੋੜ ਹੈ।’’ ਬੈਂਚ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਸ਼ੁੱਕਰਵਾਰ ਸਵੇਰੇ 10 ਵਜੇ ਸੁਣਵਾਈ ਕਰਨਗੇ।

ਸਕੂਲ-ਕਾਲਜ ਅਤੇ ਹੋਰ ਵਿਦਿਅਕ ਅਦਾਰੇ ਮੁੜ ਬੰਦ

ਕੇਜਰੀਵਾਲ ਸਰਕਾਰ ਨੇ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਦੇਖਦਿਆਂ ਭਲਕੇ ਤੋਂ ਸਕੂਲ, ਕਾਲਜ, ਕੋਚਿੰਗ ਇੰਸਟੀਚਿਊਟ ਆਦਿ ਸਮੇਤ ਸਾਰੇ ਸਿਖਲਾਈ ਸੰਸਥਾਵਾਂ ਨੂੰ ਮੁੜ ਤੋਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਰਕਾਰ ਪ੍ਰਦੂਸ਼ਣ ਪੱਧਰ ’ਤੇ ਨਜ਼ਰ ਰੱਖ ਰਹੀ ਹੈ।