ਪੋਸਟਮਾਰਟਮ ਰਿਪੋਰਟ : ਗੋਲੀਆਂ ਲੱਗਣ ਨਾਲ ਹੀ ਹੋਈ ਸੀ ‘ਜੈਪਾਲ ਭੁੱਲਰ’ ਦੀ ਮੌਤ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਰਿਪੋਰਟ ਅਨੁਸਾਰ ਲਾਸ਼ ਦੇ ਐਕਸਰੇ ਵਿਚ ਸਾਹਮਣੇ ਆਇਆ ਕਿ ਦੋ ਜਗ੍ਹਾ ਫਰੈਕਚਰ ਵੀ ਪਾਏ ਗਏ, ਪਰ ਉਹ ਗੋਲੀਆਂ ਕਾਰਣ ਹੋਏ ਦੱਸੇ ਗਏ ਹਨ। ਮੌਤ ਦਾ ਕਾਰਣ ਗੋਲੀ ਲੱਗਣ ਤੋਂ ਬਾਅਦ ਸ਼ੌਕ ਹੋ ਸਕਦਾ ਹੈ ਅਤੇ ਮੌਕੇ ’ਤੇ ਮੌਤ ਹੋਣ ਦੀ ਪੁਸ਼ਟੀ ਪੋਸਟਮਾਰਟਮ ਵਿਚ ਹੋਈ ਹੈ। ਡਾਕਟਰਾਂ ਨੇ ਗੋਲੀ ਲੱਗਣ ਅਤੇ ਮੌਤ ਵਿਚ ਦੇ ਸਮੇਂ ਦੇ ਵਿਸ਼ੇ ਵਿਚ ਲਿਖਿਆ ਹੈ ਕਿ ਡੈੱਥ ਆਨ ਦਿ ਸਪਾਟ ਹੀ ਹੋ ਗਈ ਸੀ। ਕੋਈ ਵੀ ਜਖ਼ਮ ਸਰੀਰਕ ਪ੍ਰਤਾੜਨਾ ਭਾਵ ਟਾਰਚਰ ਨਾਲ ਨਹੀਂ ਹੋਏ ਸਗੋਂ ਗੋਲੀਆਂ ਜਾਂ ਉਨ੍ਹਾਂ ਦੇ ਛਰਿਆਂ ਨਾਲ ਹੋਏ ਹਨ, ਕਿਸੇ ਵੀ ਤਰ੍ਹਾਂ ਦੀ ਅੰਦਰੂਨੀ ਇੰਜਰੀ ਵੀ ਨਹੀਂ ਮਿਲੀ, ਜਿਸ ਨਾਲ ਪ੍ਰਤਾੜਨਾ ਸਾਬਿਤ ਹੋ ਸਕੇ।

ਗੈਂਗਸਟਰ ਜੈਪਾਲ ਭੁੱਲਰ ਦੀ ਮੌਤ ਗੋਲੀਆਂ ਲੱਗਣ ਨਾਲ ਹੀ ਹੋਈ ਸੀ। ਸਰੀਰ ਵਿਚ ਇਸ ਤਰ੍ਹਾਂ ਦੇ ਕੋਈ ਜ਼ਖ਼ਮ ਨਹੀਂ ਮਿਲੇ, ਜਿਸ ਨਾਲ ਉਸ ਦੇ ਟਾਰਚਰ ਦੀ ਪੁਸ਼ਟੀ ਹੁੰਦੀ ਹੋਵੇ। ਪੀ. ਜੀ. ਆਈ. ਦੇ ਡਾਕਟਰੀ ਬੋਰਡ ਦੀ ਦੇਖ-ਰੇਖ ਵਿਚ ਕੀਤੇ ਗਏ ਪੋਸਟਮਾਰਟਮ ਦੀ ਰਿਪੋਰਟ ਪਰਿਵਾਰ ਨੂੰ ਸੌਂਪ ਦਿੱਤੀ ਗਈ। ਜੈਪਾਲ ਨੂੰ ਐਨਕਾਊਂਟਰ ਦੌਰਾਨ 4 ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਵਿਚੋਂ ਇਕ ਗੋਲੀ ਖੱਬੇ ਪਾਸੇ ਛਾਤੀ ਵਿੱਚ 8 ਸੈਂਟੀਮੀਟਰ ਤੱਕ ਡੂੰਘੀ ਪਾਈ ਗਈ, ਜੋ ਕਿ ਮੌਤ ਦਾ ਕਾਰਣ ਦੱਸੀ ਗਈ ਹੈ। ਡਾਕਟਰਾਂ ਦੇ ਬੋਰਡ ਵਿਚ ਵਿਭਾਗ ਦੇ ਪ੍ਰਧਾਨ ਵਾਈ. ਐੱਸ. ਬਾਂਸਲ, ਪ੍ਰੋ. ਰਤਿਮਭਰਾ ਨਾਡਾ, ਸਹਾਇਕ ਪ੍ਰੋ. ਚੇਰਿੰਗ ਤਾਂਦੂਪ ਅਤੇ ਡਾਕਟਰ ਸੈਂਥਿਲ ਕੁਮਾਰ ਸ਼ਾਮਲ ਸਨ।

ਮੋਢੇ ’ਤੇ, ਅੱਡੀ ’ਤੇ ਕਾਲੇ ਰੰਗ ਦੇ ਨਿਸ਼ਾਨ ਪਾਏ ਗਏ ਹਨ, ਜਿਸ ਦਾ ਕਾਰਣ ਪਹਿਲਾਂ ਵਾਲੇ ਪੋਸਟਮਾਰਟਮ ਤੋਂ ਬਾਅਦ ਡੀਕੰਪੋਜ਼ ਦੱਸਿਆ ਗਿਆ ਹੈ, ਜਿਸ ਨੂੰ ਇੰਜਰੀ ਨਹੀਂ ਕਿਹਾ ਜਾ ਸਕਦਾ। ਪਹਿਲਾਂ ਹੋਏ ਪੋਸਟਮਾਰਟਮ ਦੇ ਟਾਂਕੇ ਲੱਗੇ ਹੋਏ ਸਨ, ਜਦੋਂ ਕਿ ਖੋਪੜੀ ਖੋਲ੍ਹੀ ਹੋਈ ਸੀ ਜਿਸ ਨੂੰ ਬਾਅਦ ਵਿਚ ਸਟਿੱਚ ਕੀਤਾ ਗਿਆ ਸੀ। ਰਿਪੋਰਟ ਅਨੁਸਾਰ ਸੱਜੀ ਕਿਡਨੀ ਮਿਸਿੰਗ ਦੱਸੀ ਗਈ ਹੈ, ਜਦੋਂ ਕਿ ਖੱਬੀ ਕਿਡਨੀ ਡਿਕੰਪੋਜ਼ਡ ਪਾਈ ਗਈ ਹੈ।

ਜਿਨ੍ਹਾਂ ਵਕੀਲਾਂ ਨੇ ਜੈਪਾਲ ਭੁੱਲਰ ਦੇ ਪਿਤਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅਤੇ ਸੁਪਰੀਮ ਕੋਰਟ ਤੱਕ ਕੇਸ ਲੜਿਆ ਅਤੇ ਦੁਬਾਰਾ ਪੋਸਟਮਾਰਟਮ ਦੀ ਆਗਿਆ ਦਿਵਾਈ, ਉਨ੍ਹਾਂ ਵਕੀਲਾਂ ’ਤੇ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਨੇ ਸੰਗੀਨ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਕੀਲਾਂ ਨੇ ਉਨ੍ਹਾਂ ਨੂੰ ਲੁੱਟਿਆ ਹੈ, ਜਦੋਂ ਕਿ ਉਨ੍ਹਾਂ ਦੀਆਂ ਡਿਗਰੀਆਂ ’ਤੇ ਵੀ ਉਨ੍ਹਾਂ ਨੂੰ ਸ਼ੱਕ ਹੈ। ਵਕੀਲ ਨੇ ਕਿਹਾ ਹੈ ਕਿ ਉਹ ਵੀਰਵਾਰ ਨੂੰ ਦੋਸ਼ਾਂ ਦਾ ਜਵਾਬ ਮੀਡੀਆ ਨੂੰ ਦੇਣਗੇ।