Power Crisis: ਦੇਸ਼ ‘ਚ ਬਿਜਲੀ ਦੀ ਸਮੱਸਿਆ ਦੇ ਹੱਲ ਹੋਣ ‘ਚ ਦਸ ਦਿਨ ਲੱਗਣਗੇ, ਕੇਂਦਰ ਦਾ “ਸਿਸਟਮ” ਸਰਗਰਮ

by jaskamal

ਨਿਊਜ਼ ਡੈਸਕ : ਦੇਸ਼ 'ਚ ਬਿਜਲੀ ਦੀ ਮੰਗ ਤੇ ਸਪਲਾਈ ਵਿਚਲੇ ਪਾੜੇ ਨੂੰ ਪੂਰਾ ਕਰਨ 'ਚ ਇਕ ਹਫ਼ਤੇ ਤੋਂ ਦਸ ਦਿਨ ਲੱਗ ਸਕਦੇ ਹਨ। ਬਿਜਲੀ ਦੀ ਰਿਕਾਰਡ ਮੰਗ ਨੂੰ ਲੈ ਕੇ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦਾ ਪੂਰਾ ਸਿਸਟਮ ਸਰਗਰਮ ਹੋ ਗਿਆ ਹੈ। ਥਰਮਲ ਪਾਵਰ ਸਟੇਸ਼ਨਾਂ ਨੂੰ ਕੋਲੇ ਦੀ ਸਪਲਾਈ ਵਧਾਈ ਗਈ ਹੈ ਤੇ ਕੋਲੇ ਦੀ ਢੋਆ-ਢੁਆਈ ਲਈ ਹੋਰ ਰੈਕ ਵੀ ਉਪਲਬਧ ਕਰਵਾਏ ਜਾ ਰਹੇ ਹਨ। ਸੂਬਿਆਂ ਨੂੰ ਉੱਚ ਲਾਗਤ ਦੀ ਪਰਵਾਹ ਕੀਤੇ ਬਿਨਾਂ ਬਾਹਰੋਂ ਕੋਲਾ ਆਯਾਤ ਕਰਨ ਲਈ ਕਿਹਾ ਗਿਆ ਹੈ ਤੇ ਆਯਾਤ ਅਧਾਰਤ ਥਰਮਲ ਪਾਵਰ ਪਲਾਂਟ ਵੀ ਜ਼ਿਆਦਾ ਉਤਪਾਦਨ ਕਰ ਰਹੇ ਹਨ।

ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਰਾਜਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਕੋਲਾ ਕੰਪਨੀਆਂ ਦੇ ਨਾਲ-ਨਾਲ ਬਿਜਲੀ ਕੰਪਨੀਆਂ ਦਾ ਬਕਾਇਆ ਵੀ ਜਲਦੀ ਤੋਂ ਜਲਦੀ ਅਦਾ ਕਰਨ। ਬਿਜਲੀ ਮੰਤਰਾਲੇ ਦੇ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਨੂੰ ਲੈ ਕੇ ਕੁਝ ਸਮੱਸਿਆਵਾਂ ਜ਼ਰੂਰ ਪੈਦਾ ਹੋਈਆਂ ਹਨ ਪਰ ਸਥਿਤੀ ਕਾਬੂ ਹੇਠ ਰਹੇਗੀ। ਦਸ ਦਿਨਾਂ ਦੇ ਅੰਦਰ, ਸਥਿਤੀ ਕਾਫ਼ੀ ਹੱਦ ਤਕ ਠੀਕ ਹੋ ਜਾਵੇਗੀ। ਹਾਲਾਂਕਿ ਬਿਜਲੀ ਦੀ ਜ਼ਿਆਦਾ ਮੰਗ ਨੂੰ ਦੇਖਦੇ ਹੋਏ ਪੂਰੇ ਸਿਸਟਮ ਨੂੰ ਸਾਵਧਾਨ ਰਹਿਣਾ ਪਵੇਗਾ।