ਰਿਟਾਇਰਮੈਂਟ ਤੋਂ ਸਿਰਫ਼ 2 ਦਿਨ ਪਹਿਲਾ 4.21 ਕਰੋੜ ਰੁਪਏ ਦੇ ਘਪਲੇ ਦੇ ਦੋਸ਼ ਹੇਠ ਪਾਵਰਕਾਮ ਦਾ JE ਬਰਖ਼ਾਸਤ

by jagjeetkaur

ਪੰਜਾਬ ਪਾਵਰਕਾਮ ਦੇ ਇਕ ਸਹਾਇਕ ਜੂਨੀਅਨ ਇੰਜੀਨੀਅਰ ਨੂੰ ਰਿਟਾਇਰਮੈਂਟ ਤੋਂ ਦੋ ਦਿਨ ਪਹਿਲਾਂ ਬਰਖਾਸਤ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਸਹਾਇਕ ਜੇਈ ‘ਤੇ 4.21 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਹੈ। ਦੋਸ਼ੀ ਜੇਈ ਨੂੰ ਤਤਕਾਲ ਪ੍ਰਭਾਵ ਨਾਲ ਬਰਖਾਸਤ ਕਰਨ ਦੇ ਨਾਲ-ਨਾਲ ਮੈਨੇਜਮੈਂਟ ਵੱਲੋਂ ਮੁਲਜ਼ਮ ਤੋਂ ਘਪਲੇ ਦੀ ਸਾਰੀ ਰਕਮ ਵਸੂਲਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਦੱਸ ਦਈਏ ਕਿ ਮੁਲਜ਼ਮ ਸਹਾਇਕ ਜੇਈ ਗੁਰਦੀਪ ਸਿੰਘ ਹਲਕਾ ਬਰਨਾਲਾ ਵਿਚ ਪਾਵਰਕਾਮ ਦੀ ਵੰਡ ਉਪ ਮੰਡਲ ਭਦੌੜ ਸ਼ਾਖਾ ਵਿਚ ਤਾਇਨਾਤ ਸੀ। ਪਾਵਰਕਾਮ ਵੱਲੋਂ ਜਾਰੀ ਮੁਲਾਜ਼ਮ ਦੀ ਬਰਖਾਸਤਗੀ ਦੇ ਹੁਕਮ ਮੁਤਾਬਕ ਸ਼ਿਕਾਇਤ ਦੇ ਆਧਾਰ ‘ਤੇ ਸਹਾਇਕ ਜੇਈ ਵੱਲੋਂ ਗੈਰ-ਕਾਨੂੰਨੀ ਟਿਊਬਵੈੱਲ ਕੁਨੈਕਸ਼ਨਾਂ ਨੂੰ ਚਾਲੂ ਕਰਾਉਣ ਸਬੰਧੀ ਜਾਂਚ ਕੀਤੀ ਗਈ ਸੀ ਜਿਸ ਵਿਚ ਪਾਇਆ ਗਿਆ ਕਿ ਗੁਰਦੀਪ ਸਿੰਘ ਨੇ ਸਾਲ 2012-2013 ਤੋਂ ਹੁਣ ਤੱਕ ਬਰਨਾਲਾ ਦੇ ਸਟੋਰ ਆਊਟਲੈਟ ਤੋਂ ਕਢਵਾਏ ਗਏ ਟਰਾਂਸਫਾਰਮਰਾਂ ਤੇ ਹੋਰ ਸਾਮਾਨ ਦਾ ਗਲਤ ਇਸਤੇਮਾਲ ਕਰਦੇ ਹੋਏ ਨਾਜਾਇਜ਼ ਕੁਨੈਕਸ਼ਨ ਚਾਲੂ ਕੀਤੇ ਸਨ।