ਈਰਾਨ ‘ਚ ਰਾਸ਼ਟਰਪਤੀ ਰਾਇਸੀ ਦੀ ਅੰਤਿਮ ਯਾਤਰਾ ਸ਼ੁਰੂ, ਰਾਸ਼ਟਰਪਤੀ ਦੀ ਮੌਤ ‘ਤੇ 5 ਦਿਨਾਂ ਦੇ ਸੋਗ ਦਾ ਐਲਾਨ

by jagjeetkaur

ਰਾਸ਼ਟਰਪਤੀ ਇਬਰਾਹਿਮ ਰਾਇਸੀ ਸਮੇਤ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸਾਰੇ ਨੌਂ ਲੋਕਾਂ ਦਾ ਅੰਤਿਮ ਸੰਸਕਾਰ ਈਰਾਨ ਦੇ ਤਬਰੀਜ਼ ਸ਼ਹਿਰ ਵਿੱਚ ਕੀਤਾ ਜਾ ਰਿਹਾ ਹੈ। ਸਮਾਚਾਰ ਏਜੰਸੀ IRNA ਦੇ ਅਨੁਸਾਰ, ਯਾਤਰਾ ਦੌਰਾਨ ਲੱਖਾਂ ਲੋਕਾਂ ਦੀ ਭੀੜ ਸੜਕਾਂ ‘ਤੇ ਆ ਗਈ। ਲੋਕਾਂ ਨੇ ਰਾਇਸੀ ਦੀ ਫੋਟੋ ਅਤੇ ਈਰਾਨ ਦਾ ਝੰਡਾ ਫੜਿਆ ਹੋਇਆ ਸੀ।

ਦੱਸ ਦਈਏ ਕਿ ਰਾਸ਼ਟਰਪਤੀ ਨੂੰ ਵਿਦਾਇਗੀ ਦਿੰਦੇ ਹੋਏ ਸ਼ਹਿਰ ਦੇ ਲੋਕ ਰੋਂਦੇ ਨਜ਼ਰ ਆਏ। ਰਾਸ਼ਟਰਪਤੀ ਦੀ ਮੌਤ ‘ਤੇ ਈਰਾਨ ‘ਚ ਪੰਜ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੂੰ 23 ਮਈ ਨੂੰ ਈਰਾਨ ਦੇ ਮਸ਼ਹਦ ਸ਼ਹਿਰ ਵਿੱਚ ਦਫ਼ਨਾਇਆ ਜਾਵੇਗਾ। ਇਹ ਉਹੀ ਸ਼ਹਿਰ ਹੈ ਜਿੱਥੇ ਰਾਇਸੀ ਦਾ ਜਨਮ ਹੋਇਆ ਸੀ।

ਦੱਸਣਯੋਗ ਹੈ ਕਿ  19 ਮਈ ਨੂੰ ਰਾਇਸੀ ਦਾ ਹੈਲੀਕਾਪਟਰ ਈਰਾਨ-ਅਜ਼ਰਬੈਜਾਨ ਸਰਹੱਦ ਨੇੜੇ ਕਰੈਸ਼ ਹੋ ਗਿਆ ਸੀ। ਜਹਾਜ਼ ਵਿਚ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਾਯਾਨ ਸਮੇਤ ਕੁੱਲ 9 ਲੋਕ ਸਵਾਰ ਸਨ। ਸਾਰਿਆਂ ਦੀਆਂ ਲਾਸ਼ਾਂ ਸੋਮਵਾਰ ਨੂੰ ਤਬਰੀਜ਼ ਸ਼ਹਿਰ ਲਿਆਂਦੀਆਂ ਗਈਆਂ।

ਨਾਲ ਹੀ ਈਰਾਨ ‘ਚ ਸਿਆਸੀ ਅਸਥਿਰਤਾ ਦਰਮਿਆਨ ਰਾਸ਼ਟਰਪਤੀ ਚੋਣਾਂ 28 ਜੂਨ ਨੂੰ ਹੋਣੀਆਂ ਹਨ। ਇਸ ਲਈ ਰਜਿਸਟ੍ਰੇਸ਼ਨ 20 ਜੂਨ ਤੋਂ ਸ਼ੁਰੂ ਹੋਵੇਗੀ। ਈਰਾਨ ਦੇ ਸੰਵਿਧਾਨ ਦੀ ਧਾਰਾ 131 ਦੇ ਤਹਿਤ, ਰਾਸ਼ਟਰਪਤੀ ਦੀ ਅਚਾਨਕ ਮੌਤ ਦੀ ਸਥਿਤੀ ਵਿੱਚ, ਦੇਸ਼ ਦਾ ਉਪ ਰਾਸ਼ਟਰਪਤੀ ਅਹੁਦਾ ਸੰਭਾਲਦਾ ਹੈ। ਇਸ ਤੋਂ ਬਾਅਦ ਅਗਲੇ 50 ਦਿਨਾਂ ਦੇ ਅੰਦਰ ਦੇਸ਼ ਵਿੱਚ ਚੋਣਾਂ ਹੋਣੀਆਂ ਹਨ।