CM ਮਾਨ ਨਾਲ ਪ੍ਰਿੰਸੀਪਲ ਤੇ ਡੀਈਓਜ਼ ਦੀ ਬੈਠਕ ਭਲਕੇ, ਇਹ ਪ੍ਰਬੰਧ ਕਰਨ ਦੀ ਤਿਆਰੀ ‘ਚ ਸਰਕਾਰ

by jaskamal

ਨਿਊਜ਼ ਡੈਸਕ : ਪੰਜਾਬ ’ਚ ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਨ ਲਈ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੋ ਸੂਬਾ ਪੱਧਰੀ ਬੈਠਕ ਕੀਤੀ ਜਾ ਰਹੀ ਹੈ, ਉਸ ’ਚ ਸ਼ਾਮਲ ਹੋਣ ਲਈ ਆ ਰਹੇ ਪ੍ਰਿੰਸੀਪਲਾਂ ਤੇ ਹੋਰ ਅਧਿਕਾਰੀਆਂ ਲਈ ਸਰਕਾਰ ਨੇ ਏਸੀ ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਇਸ ਬਾਰੇ ਸਕੂਲ ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਾਰੇ 23 ਜ਼ਿਲ੍ਹਿਆਂ ਲਈ AC ਬੱਸਾਂ ਦਾ ਪ੍ਰਬੰਧ ਕਰਨ ਨੂੰ ਕਿਹਾ ਹੈ।

ਜਾਣਕਾਰੀ ਮੁਤਾਬਕ ਇਸ ਤਰ੍ਹਾਂ ਪਹਿਲੀ ਵਾਰ ਹੈ ਕਿ ਕੋਈ ਮੁੱਖ ਮੰਤਰੀ ਸਰਕਾਰੀ ਸਕੂਲਾਂ ਦਾ ਪੱਧਰ ਸੁਧਾਰਨ ਦੇ ਉਦੇਸ਼ ਵਿਚ ਇੰਨੀ ਵੱਡੀ ਬੈਠਕ ਪ੍ਰਿੰਸੀਪਲਾਂ ਨਾਲ ਕਰਨ ਜਾ ਰਿਹਾ ਹੈ। ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਇਕ ਰਿਜ਼ੋਰਟ ਵਿਚ 10 ਮਈ ਨੂੰ ਹੋਣ ਵਾਲੀ ਇਸ ਮੀਟਿੰਗ ਲਈ ਸਾਰੇ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਦੇ 2688 ਪ੍ਰਿੰਸੀਪਲਾਂ ਸਮੇਤ ਡੀ. ਈ. ਓ., ਬੀ. ਪੀ. ਈ. ਓ. ਪੁੱਜ ਰਹੇ ਹਨ।