ਪਰਿਵਾਰ ਸਣੇ ਘਰ ਛੱਡ ਭੱਜੇ ਟਰੂਡੋ, ਕੈਨੇਡਾ ‘ਚ ਪ੍ਰਦਰਸ਼ਨਕਾਰੀਆਂ ਨੇ ਘੇਰੀ PM ਦੀ ਰਿਹਾਇਸ਼

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਰੋਨਾ ਦਿਸ਼ਾ-ਨਿਰਦੇਸ਼ਾਂ ਨੂੰ ਸਖਤ ਕਰਨ ਦੇ ਖਿਲਾਫ ਹੋ ਰਹੇ ਭਾਰੀ ਵਿਰੋਧ ਦੇ ਮੱਦੇਨਜ਼ਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਨਾਲ ਗੁਪਤ ਸਥਾਨ 'ਤੇ ਚਲੇ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਰਿਹਾਇਸ਼ ਨੂੰ ਘੇਰ ਲਿਆ ਹੈ। ਹਜ਼ਾਰਾਂ ਟਰੱਕ ਡਰਾਈਵਰ ਅਤੇ ਹੋਰ ਪ੍ਰਦਰਸ਼ਨਕਾਰੀ ਰਾਜਧਾਨੀ ਸ਼ਹਿਰ ਵਿੱਚ ਇਕੱਠੇ ਹੋਏ ਅਤੇ ਪ੍ਰਧਾਨ ਮੰਤਰੀ ਟਰੂਡੋ ਦੀ ਰਿਹਾਇਸ਼ ਦਾ ਘਿਰਾਓ ਕੀਤਾ

ਟਰੱਕ ਡਰਾਈਵਰ ਦੇਸ਼ 'ਚ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਬਣਾਉਣ ਅਤੇ ਲੌਕਡਾਊਨ ਲਗਾਉਣ ਦੇ ਖਿਲਾਫ ਹਨ। ਉਨ੍ਹਾਂ ਨੇ ਆਪਣੇ 70 ਕਿਲੋਮੀਟਰ ਲੰਬੇ ਕਾਫਲੇ ਦਾ ਨਾਂ 'ਆਜ਼ਾਦੀ ਕਾਫਲਾ' ਰੱਖਿਆ ਹੈ।ਦਰਅਸਲ, ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਸ਼ਨੀਵਾਰ ਨੂੰ ਹਜ਼ਾਰਾਂ ਲੋਕਾਂ ਨੇ ਟੀਕਾਕਰਨ ਨੂੰ ਲਾਜ਼ਮੀ ਬਣਾਉਣ ਅਤੇ ਕੋਵਿਡ-19 ਪਾਬੰਦੀਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਕੋਵਿਡ ਪਾਬੰਦੀਆਂ ਦੀ ਤੁਲਨਾ ਫਾਸ਼ੀਵਾਦ ਨਾਲ ਕੀਤੀ ਅਤੇ ਕੈਨੇਡੀਅਨ ਝੰਡੇ ਨਾਲ ਨਾਜ਼ੀ ਚਿੰਨ੍ਹ ਪ੍ਰਦਰਸ਼ਿਤ ਕੀਤੇ। ਕਈ ਪ੍ਰਦਰਸ਼ਨਕਾਰੀਆਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਿੱਖੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਟਰੱਕ ਚਲਾਉਣ ਵਾਲੇ ਵਿਗਿਆਨ ਵਿਰੋਧੀ ਹਨ ਅਤੇ ਉਹ ਨਾ ਸਿਰਫ਼ ਆਪਣੇ ਲਈ ਸਗੋਂ ਹੋਰ ਕੈਨੇਡੀਅਨਾਂ ਲਈ ਵੀ ਖ਼ਤਰਾ ਹਨ।

ਦੱਸਿਆ ਜਾ ਰਿਹਾ ਹੈ ਕਿ 50 ਹਜ਼ਾਰ ਟਰੱਕ ਡਰਾਈਵਰਾਂ ਨੇ ਆਪਣੇ 20 ਹਜ਼ਾਰ ਟਰੱਕਾਂ ਨਾਲ ਰਾਜਧਾਨੀ ਓਟਾਵਾ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ।