ਨਵੀਂ ਦਿੱਲੀ (ਨੇਹਾ): ਨਿਊਜ਼ੀਲੈਂਡ ਵਿਚ ਇਕ ਵਾਰ ਮੁੜ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਨਗਰ ਕੀਰਤਨ ਨੂੰ ਰੋਕਿਆ ਨਹੀਂ ਗਿਆ ਪਰ ਇਸ ਨਗਰ ਕੀਰਤਨ ਦੇ ਵਿਰੋਧ ਵਿਚ ਸਥਾਨਕ ਚਰਚ ਨਾਲ ਜੁੜੇ ਲੋਕ ਸੜਕਾਂ ’ਤੇ ਉਤਰ ਆਏ ਤੇ ਹਾਕਾ ਡਾਂਸ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਨਗਰ ਕੀਰਤਨ ਨੂੰ ਗਲੀਆਂ ਵਿਚ ਜਾਣ ਦੀ ਇਜਾਜ਼ਤ ਕਿਸ ਨੇ ਦਿੱਤੀ ਤੇ ਉਹ ਤਲਵਾਰਾਂ ਕਿਉਂ ਲਹਿਰਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਦਾ ਵਿਰੋਧ ਕਰਨਗੇ ਤੇ ਕਿਸੇ ਨੂੰ ਦੇਸ਼ ਦਾ ਸਭਿਆਚਾਰ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨਗਰ ਕੀਰਤਨ ਵਿਚ ਸਿੱਖ ਨਿਸ਼ਾਨ ਤੇ ਝੰਡਿਆਂ ਦਾ ਵੀ ਵਿਰੋਧ ਕੀਤਾ। ਇਸ ਦੌਰਾਨ ਉਨ੍ਹਾਂ ਸਿੱਖ ਭਾਈਚਾਰੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਨਿਊਜ਼ੀਲੈਂਡ ਦੇ ਟੌਰੰਗਾ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਦੁਆਰਾ ਸਜਾਏ ਗਏ ਨਗਰ ਕੀਰਤਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਗੁਰਦੁਆਰਾ ਸਿੱਖ ਸੰਗਤ, ਟੌਰੰਗਾ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਨਗਰ ਕੀਰਤਨ ਸਵੇਰੇ 11 ਤੋਂ ਦੁਪਹਿਰ 2 ਵਜੇ ਤਕ ਸਜਾਇਆ ਗਿਆ। ਇਸ ਸਬੰਧੀ ਗੁਰਦੁਆਰੇ ਵਿੱਚ ਧਾਰਮਿਕ ਰਸਮਾਂ ਤੋਂ ਬਾਅਦ ਨਗਰ ਕੀਰਤਨ ਕੈਮਰਨ ਰੋਡ ਰਾਹੀਂ ਅੱਗੇ ਵਧਿਆ। ਇਸ ਤੋਂ ਪਹਿਲਾਂ ਪੁਲੀਸ ਨੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤਾਂ ਕਿ ਕੋਈ ਗੜਬੜ ਨਾ ਹੋਵੇ। ਇਸ ਦੌਰਾਨ ਨਗਰ ਕੀਰਤਨ ਸ਼ਾਂਤੀਪੂਰਨ ਅੱਗੇ ਵਧਦਾ ਗਿਆ ਤੇ ਸਿੱਖ ਵਾਲੰਟੀਅਰਾਂ ਨੇ ਸਿੱਖ ਸੰਗਤ ਨੂੰ ਕਤਾਰਾਂ ਤੋਂ ਬਾਹਰ ਨਾ ਆਉਣ ਦੀ ਅਪੀਲ ਕੀਤੀ।



