ਅਫਗਾਨੀ ਲੋਕਾਂ ਦੇ ਦਰਦ ਨਾਲ ਗੂੰਜੀਆਂ ਵ੍ਹਾਈਟ ਹਾਊਸ ਬਾਈਡੇਨ ਖ਼ਿਲਾਫ਼ ਰੋਸ ਪ੍ਰਦਰਸ਼ਨ

by vikramsehajpal

ਕਾਬੁਲ (ਦੇਵ ਇੰਦਰਜੀਤ) : ਪੂਰੇ ਅਫਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ।ਇਸ ਮਗਰੋਂ ਇੱਥੇ ਹਾਲਾਤ ਨਾਜ਼ੁਕ ਬਣੇ ਹੋਏ ਹਨ। ਲੋਕ ਜਲਦੀ ਤੋਂ ਜਲਦੀ ਸੁਰੱਖਿਅਤ ਸਥਾਨ 'ਤੇ ਜਾਣ ਦੀ ਕੋਸ਼ਿਸ਼ ਵਿਚ ਹਨ। ਅਸਲ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਜਦੋਂ ਐਲਾਨ ਕੀਤਾ ਸੀ ਕਿ ਅਮਰੀਕੀ ਸੈਨਾ ਅਫਗਾਨਿਸਤਾਨ ਛੱਡ ਦੇਵੇਗੀ, ਉਸ ਦੇ ਬਾਅਦ ਤੋਂ ਤਾਲਿਬਾਨ ਦਾ ਦਬਦਬਾ ਵੱਧਣਾ ਸ਼ੁਰੂ ਹੋ ਗਿਆ ਸੀ ਅਤੇ ਹੁਣ ਪੂਰਾ ਅਫਗਾਨਿਸਤਾਨ ਉਸ ਦੇ ਕਬਜ਼ੇ ਵਿਚ ਹੈ।

ਅਫਗਾਨਿਸਤਾਨ ਵਿਚ ਹਾਲਾਤ ਖਰਾਬ ਹਨ ਉੱਥੇ ਅਮਰੀਕਾ ਦੇ ਵਾਸ਼ਿੰਗਟਨ ਵਿਚ ਰਹਿਣ ਵਾਲੇ ਅਫਗਾਨੀ ਲੋਕਾਂ ਨੇ ਵ੍ਹਾਈਟ ਹਾਊਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਵ੍ਹਾਈਟ ਹਾਊਸ ਦੇ ਬਾਹਰ ਸੋਮਵਾਰ ਨੂੰ ਅਫਗਾਨੀ ਨਾਗਰਿਕ ਜੁਟੇ ਅਤੇ ਬਾਈਡੇਨ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਨਾਅਰੇ ਲਗਾਏ ਕਿ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਲਈ ਬਾਈਡੇਨ ਜ਼ਿੰਮੇਵਾਰ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 20 ਸਾਲ ਮਗਰੋਂ ਅਸੀਂ ਇਕ ਵਾਰ ਫਿਰ 2000 ਵਾਲੀ ਸਥਿਤੀ ਵਿਚ ਆ ਗਏ ਹਾਂ।

ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਜੇਕਰ ਤਾਲਿਬਾਨ ਟੇਕਓਵਰ ਕਰਦਾ ਹੈ ਤਾਂ ਹਜ਼ਾਰਾਂ ਓਸਾਮਾ ਬਿਨ ਲਾਦੇਨ ਪੈਦਾ ਹੋਣਗੇ। ਤਾਲਿਬਾਨੀ ਲੋਕ ਪਾਕਿਸਤਾਨ ਨਾਲ ਮਿਲ ਜਾਣਗੇ ਅਤੇ ਤਬਾਹੀ ਮਚਾਉਣਗੇ। ਇਕ ਪ੍ਰਦਰਸ਼ਨਕਾਰੀ ਬੀਬੀ ਨੇ ਕਿਹਾ ਕਿ ਤਾਲਿਬਾਨੀ ਲੋਕ ਬੀਬੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਅਸਲ ਵਿਚ ਹਰ ਕੋਈ ਨਿਸ਼ਾਨੇ 'ਤੇ ਹੈ।

ਅਮਰੀਕਾ ਨੇ ਐਲਾਨ ਕੀਤਾ ਸੀ ਕਿ 11 ਸਤੰਬਰ ਤੱਕ ਅਮਰੀਕੀ ਸੈਨਾ ਅਫਗਾਨਿਸਤਾਨ ਛੱਡ ਦੇਵੇਗੀ। ਕਰੀਬ 90 ਫੀਸਦੀ ਤੋਂ ਵੱਧ ਅਮਰੀਕੀ ਸੈਨਿਕ ਅਫਗਾਨਿਸਤਾਨ ਛੱਡ ਚੁੱਕੇ ਹਨ। ਇਹੀ ਕਾਰਨ ਹੈ ਕਿ ਤਾਲਿਬਾਨ ਲੜਾਕਿਆਂ ਲਈ ਅਫਗਾਨੀ ਸੈਨਾ ਨੂੰ ਹਰਾਉਣ ਵਿਚ ਕੋਈ ਮੁਸ਼ਕਲ ਨਹੀਂ ਹੋਈ। ਹੁਣ ਜਦੋਂ ਤਾਲਿਬਾਨ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਚੁੱਕਾ ਹੈ ਉਦੋਂ ਅਮਰੀਕਾ ਨੇ ਆਪਣੇ ਡਿਪਲੋਮੈਟਾਂ ਅਤੇ ਲੋਕਾਂ ਨੂੰ ਕੱਢਣ ਲਈ ਹੈਲੀਕਾਪਟਰ, ਵਿਸ਼ੇਸ਼ ਜਹਾਜ਼ਾਂ ਦਾ ਪ੍ਰਬੰਧ ਕੀਤਾ ਹੈ। ਕਾਬੁਲ ਹਵਾਈ ਅੱਡੇ 'ਤੇ ਵੀ 6000 ਅਮਰੀਕੀ ਫ਼ੌਜੀ ਤਾਇਨਾਤ ਹਨ ਜੋ ਨਾਗਰਿਕਾਂ ਨੂੰ ਸੁਰੱਖਿਅਤ ਨਿਕਲਣ ਵਿਚ ਮਦਦ ਕਰਨਗੇ।