ਖੇਤੀ ਕਾਨੂੰਨਾਂ ਖ਼ਿਲਾਫ਼ ਸਰੀ ਦੇ ਬੀਅਰ ਕਰੀਕ ਪਾਰਕ ਵਿਚ ਰੋਸ ਪ੍ਰਦਰਸ਼ਨ

by vikramsehajpal

ਵੈਨਕੂਵਰ (ਦੇਵ ਇੰਦਰਜੀਤ)- ਕਿਸਾਨਾਂ ਵੱਲੋਂ ਭਾਰਤ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਅੰਦੋਲਨ ਦੀ ਹਮਾਇਤ ਵਿਚ ਸਰੀ ਦੇ ਬੀਅਰ ਕਰੀਕ ਪਾਰਕ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਬੀਤੀ ਰਾਤ ਤੋਂ ਹੋ ਰਹੀ ਬਰਫ਼ਬਾਰੀ ਅਤੇ ਹੱਡ ਚੀਰਵੀਂ ਠੰਢ ਵੀ ਕਿਸਾਨਾਂ ਲਈ ‘ਹਾਅ ਦਾ ਨਾਅਰਾ’ ਮਾਰਨ ਵਾਲਿਆਂ ਦੇ ਜੋਸ਼ ਨੂੰ ਮੱਠਾ ਨਹੀਂ ਕਰ ਸਕੀ। ਇਸ ਰੋਸ ਮੁਜ਼ਾਹਰੇ ਵਿੱਚ ਬੱਚੇ ਵੀ ਸ਼ਾਮਲ ਹੋਏ, ਜਿਨ੍ਹਾਂ ਦੇ ਇਕ ਹੱਥ ਵਿੱਚ ਬਰਫ਼ ਤੋਂ ਬਚਾਅ ਲਈ ਛਤਰੀ ਤੇ ਦੂਜੇ ਵਿਚ ਨਾਅਰੇ ਵਾਲੀ ਤਖਤੀ ਫੜੀ ਹੋਈ ਸੀ।

ਰੈਲੀ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਕਿਹਾ ਕਿ ਕਿਸਾਨੀ ਹੈ ਤਾਂ ਖੁਰਾਕ ਹੈ ਤੇ ਬਿਨਾਂ ਖੁਰਾਕ ਧਰਤੀ ਉੱਤੇ ਜ਼ਿੰਦਗੀ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਲੋਕਾਂ ਦੇ ਖੁਰਾਕੀ ਹੱਕਾਂ ਨੂੰ ਵੀ ਨਿੱਜੀ ਹੱਥਾਂ ਵਿੱਚ ਸੀਮਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਧੰਦਾ ਨਹੀਂ, ਮਨੁੱਖੀ ਲੋੜ ਅਤੇ ਕਿਸਾਨਾਂ ਦੀ ਵਿਰਾਸਤ ਹੈ। ਉਨ੍ਹਾਂ ਕੁੱਲ ਆਲਮ ਦੇ ਮੁਲਕਾਂ ਦੀਆਂ ਸਰਕਾਰਾਂ ਤੇ ਮਨੁੱਖੀ ਹੱਕਾਂ ਬਾਰੇ ਸੰਗਠਨਾਂ ਨੂੰ ਭਾਰਤ ਸਰਕਾਰ ਉਤੇ ਦਬਾਅ ਬਣਾਉਣ ਦੀ ਅਪੀਲ ਕੀਤੀ। ਪ੍ਰਦਰਸ਼ਨ ਵਿੱਚ ਪਾਕਿਸਤਾਨੀ ਮੂਲ ਦੇ ਕਿਸਾਨ ਵੀ ਸ਼ਾਮਲ ਹੋਏ।