ਜਲਾਲਾਬਾਦ (ਨੇਹਾ): ਜਲਾਲਾਬਾਦ ਦੀ ਬਸਤੀ ਗੋਬਿੰਦ ਨਗਰੀ ਅਤੇ ਬਸਤੀ ਭਗਵਾਨਪੁਰਾ 'ਚ ਰਹਿਣ ਵਾਲੇ ਅਰਸ਼ ਨਾਮਕ 17 ਸਾਲਾ ਨਾਬਾਲਗ ਦੀ ਨਸ਼ੇੜੀਆਂ ਵੱਲੋਂ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਤੇ ਸਮਾਜ ਸੇਵੀ ਅਸ਼ੋਕ ਕੰਬੋਜ ਨੇ ਦੱਸਿਆ ਕਿ ਮਿ੍ਤਕ ਹਰਸ਼ ਨਸ਼ੇ ਦਾ ਆਦੀ ਸੀ ਅਤੇ ਉਸ ਨੂੰ ਨਸ਼ਾ ਛੁਡਾਊ ਕੇਂਦਰ ‘ਚ ਭਰਤੀ ਕਰਵਾਇਆ ਗਿਆ ਸੀ। ਬੀਤੇ ਚਾਰ ਪੰਜ ਦਿਨ ਪਹਿਲਾਂ ਹੀ ਉਹ ਉਥੋਂ ਛੁੱਟੀ ਲੈ ਕੇ ਆਇਆ ਸੀ।
ਹਰਸ਼ ਜਿਨ੍ਹਾਂ ਦੋਸਤਾਂ ਨਾਲ ਚਿੱਟੇ ਦਾ ਸੇਵਨ ਕਰਦਾ ਸੀ ਉਹ ਉਸਨੂੰ ਫਿਰ ਓਸੇ ਦਲਦਲ ਚ ਘਸੀਟਣਾ ਚਾਹੁੰਦੇ ਸਨ ਜਿਸ ਤੋਂ ਉਹ ਇਨਕਾਰ ਕਰਦਾ ਸੀ। ਹਰਸ਼ ਕਾਰ 'ਚ ਇਕੱਲਾ ਸੀ ਤੇ ਉਕਤ ਵਿਅਕਤੀਆਂ ਨੇ ਇਸਦਾ ਫਾਇਦਾ ਉਠਾਉਂਦੇ ਹੋਏ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਰਸ਼ ਨੇ ਆਪਣੀ ਜਾਨ ਬਚਾਉਣ ਲਈ ਲੋਕਾਂ ਦੇ ਦਰਵਾਜੇ ਵੀ ਖੜਕਾਏ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲਿ੍ਆ। ਨਸ਼ੇੜੀ ਵਿਅਕਤੀਆਂ ਨੇ ਸ਼ਰੇਆਮ ਹਰਸ਼ ਦਾ ਕਤਲ ਕਰ ਦਿੱਤਾ। ਹਰਸ਼ ਦੇ ਭਰਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਚਿੱਟਾ ਵੇਚਣ ਅਤੇ ਸੇਵਨ ਕਰਨ ਵਾਲੇ ਹਤਿਆਰਿਆਂ ‘ਤੇ ਕਾਰਵਾਈ ਕੀਤੀ ਜਾਵੇ।



