ਫ਼ਿਰੋਜ਼ਪੁਰ (ਰਾਘਵ) : ਡੀ.ਜੀ.ਪੀ. ਪੰਜਾਬ ਅਤੇ ਐਸ.ਐਸ.ਪੀ ਫ਼ਿਰੋਜ਼ਪੁਰ ਸੌਮਿਆ ਮਿਸ਼ਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਏ.ਐਸ.ਆਈ ਵੇਦ ਪ੍ਰਕਾਸ਼ ਦੀ ਅਗਵਾਈ 'ਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਇਕ ਪੰਜਾਬ ਨੰਬਰ ਬਲੇਨੋ ਕਾਰ 'ਚ ਆ ਰਹੇ ਦੋ ਨਸ਼ਾ ਤਸਕਰਾਂ ਨੂੰ ਹੈਰੋਇਨ ਦੀ ਵੱਡੀ ਖੇਪ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਖਿਲਾਫ ਥਾਣਾ ਕੁਲਗੜ੍ਹੀ 'ਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਹਿੱਸੇ ਵਜੋਂ ਐੱਸ. ਫ਼ਿਰੋਜ਼ਪੁਰ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਦੋਂ ਥਾਣਾ ਕੁਲਗੜ੍ਹੀ ਦੇ ਏ.ਐਸ.ਆਈ. ਵੇਦ ਪ੍ਰਕਾਸ਼ ਦੀ ਅਗਵਾਈ 'ਚ ਗਸ਼ਤ ਕਰਦੇ ਹੋਏ ਪਿੰਡ ਸੈਦੇ ਵਾਲਾ ਕੋਲ ਪਹੁੰਚ ਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਕਿ ਅਜੈਪਾਲ ਸਿੰਘ ਉਰਫ਼ ਅਜੇ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਜਗਤਪੁਰ ਥਾਣਾ ਝਬਾਲ ਅਤੇ ਗੁਰਜਿੰਦਰ ਸਿੰਘ ਉਰਫ਼ ਕਾਕਾ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਝੰਡਾ ਬੱਗਾ ਪੁਰਾਣਾ ਜੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਹੈਰੋਇਨ ਦੀ ਭਾਰੀ ਤਸਕਰੀ ਕਰਦੇ ਹਨ ਅਤੇ ਅੱਜ ਇਹ ਦੋਵੇਂ ਤਸਕਰ ਚਿੱਟੇ ਰੰਗ ਦੀ ਬਲੇਨੋ ਕਾਰ ਨੰਬਰ ਪੀਬੀ 46ਏਜੀ/5925 ਵਿੱਚ ਮੱਲਵਾਲ ਕਦੀਮ ਥਾਣੇ ਤੋਂ ਫ਼ਿਰੋਜ਼ਪੁਰ ਜੀਰਾ ਰੋਡ ਵੱਲ ਆ ਰਹੇ ਸਨ।
ਉਨ੍ਹਾਂ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਪਿੰਡ ਸੈਦੇਵਾਲਾ ਮੱਲਾਂਵਾਲ ਕਦੀਮ ਲਿੰਕ ਰੋਡ 'ਤੇ ਨਾਕਾਬੰਦੀ ਕਰਕੇ ਦੋ ਨਾਮੀ ਤਸਕਰਾਂ ਨੂੰ ਇੱਕ ਕਾਰ 'ਚ ਆਉਂਦੇ ਸਮੇਂ ਕਾਬੂ ਕਰ ਲਿਆ, ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ 3 ਕਿਲੋ 262 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਫੜੇ ਗਏ ਨਸ਼ਾ ਤਸਕਰਾਂ ਤੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਅੱਗੇ-ਪਿੱਛੇ ਸਬੰਧਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਹੈਰੋਇਨ ਦੀ ਡਲਿਵਰੀ ਕਿੱਥੋਂ ਲੈ ਕੇ ਆਏ ਹਨ ਅਤੇ ਅੱਗੇ ਕਿੱਥੇ ਸਪਲਾਈ ਕਰਨੀ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਸਮੱਗਲਰਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲੀਸ ਰਿਮਾਂਡ ਲਿਆ ਜਾਵੇਗਾ ਅਤੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ।