
ਬਟਾਲਾ (ਨੇਹਾ): ਵੀਰਵਾਰ ਦੀ ਦੇਰ ਸ਼ਾਮ ਕਸਬਾ ਉਧਨਵਾਲ ਨੇ ਨੇੜਿਓਂ ਲੰਘਦੀ ਨਹਿਰ ਦੇ ਵਿੱਚ ਪਿੰਡ ਮਨੇਸ਼ ਦੇ ਗੁੱਜਰ ਪਰਿਵਾਰਾਂ ਦੇ ਦੋ ਨੌਜਵਾਨ ਡੰਗਰਾਂ ਨੂੰ ਨਹਿਰ 'ਚੋਂ ਬਾਹਰ ਕੱਢਦਿਆਂ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ। ਨਹਿਰ ਦੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਰੁੜ੍ਹੇ ਨੌਜਵਾਨਾਂ ਦਾ ਕੋਈ ਪਤਾ ਨਹੀਂ ਲੱਗਾ ਹੈ।
ਜਾਣਕਾਰੀ ਅਨੁਸਾਰ, ਗੁੱਜਰ ਭਾਈਚਾਰੇ ਦਾ ਇੱਕ ਨੌਜਵਾਨ ਜੋ ਪਸ਼ੂਆਂ ਨਾਲ ਨਹਿਰ ਵਿੱਚ ਵੜਿਆ ਸੀ, ਵਗਦੇ ਪਾਣੀ ਵਿੱਚ ਲਾਪਤਾ ਹੋ ਗਿਆ। ਉਸਨੂੰ ਬਚਾਉਣ ਲਈ ਪਾਣੀ ਵਿੱਚ ਵੜਿਆ ਦੂਜਾ ਨੌਜਵਾਨ ਵੀ ਲਾਪਤਾ ਹੈ। ਇਹ ਘਟਨਾ ਪਿੰਡ ਮਨੇਸ਼ ਦੀ ਦੱਸੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪਿੰਡ ਵਾਸੀ ਅਤੇ ਪਰਿਵਾਰਿਕ ਮੈਂਬਰ ਦੋਵਾਂ ਨੂੰ ਬਚਾਉਣ ਲਈ ਨਹਿਰ ਵਿੱਚ ਭਾਲ ਕਰ ਰਹੇ ਹਨ, ਪਰ ਕਾਫ਼ੀ ਭਾਲ ਕਰਨ ਤੋਂ ਬਾਅਦ ਵੀ ਲਾਪਤਾ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਘੁਮਾਣ ਦੀ ਪੁਲਿਸ ਮੌਕੇ 'ਤੇ ਪਹੁੰਚੀ।
ਜਾਣਕਾਰੀ ਦਿੰਦੇ ਹੋਏ ਸ਼ੇਰ ਅਲੀ ਨੇ ਦੱਸਿਆ ਕਿ ਵੀਰਵਾਰ ਸ਼ਾਮ ਲਗਪਗ 6:15 ਵਜੇ ਉਸਦਾ ਰਿਸ਼ਤੇਦਾਰ ਸ਼ਾਹਦੀਨ ਦਾ ਪੁੱਤਰ ਕਾਕਾ, ਉਮਰ 18 ਸਾਲ, ਆਪਣੇ ਪਸ਼ੂ ਚਰਾਉਣ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ। ਨਹਿਰ ਦਾ ਪੁਲ ਦੂਰ ਹੋਣ ਕਾਰਨ, ਕਾਕਾ ਇੱਕ ਸ਼ਾਰਟਕੱਟ ਲੈ ਕੇ ਪਸ਼ੂਆਂ ਨਾਲ ਨਹਿਰ ਵਿੱਚ ਵੜ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਨਹਿਰ ਦੇ ਵਿਚਕਾਰ ਚਲਾ ਗਿਆ ਅਤੇ ਡੁੱਬਣ ਲੱਗ ਪਿਆ। ਸ਼ੇਰ ਅਲੀ ਨੇ ਦੱਸਿਆ ਕਿ ਉਹ ਅਤੇ ਉਸਦਾ ਪੁੱਤਰ ਨਹਿਰ ਦੇ ਦੂਜੇ ਪਾਸੇ ਖੜ੍ਹੇ ਸਨ, ਕਾਕਾ ਨੂੰ ਡੁੱਬਦੇ ਦੇਖਿਆ, ਤਾਂ ਉਸਦਾ ਪੁੱਤਰ ਸ਼ਾਮੂ, ਉਮਰ 18 ਸਾਲ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ। ਪਰ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਅਤੇ ਲਾਪਤਾ ਹੋ ਗਏ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਦੋਵਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਪਰ ਉਹ ਅਸਫਲ ਰਹੇ।