
ਸੁਲਤਾਨਪੁਰ ਲੋਧੀ (ਨੇਹਾ): ਅੱਜ ਕਰੀਬ 9:30 ਵਜੇ ਸਵੇਰੇ ਇਕ 25 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਫਤੋਵਾਲ ਡੇਰੇ ਨੇ ਪਵਿੱਤਰ ਕਾਲੀ ਵੇਈਂ ਉੱਪਰ ਬਣੇ ਪੁਲ ਨੇੜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਛਾਲ ਮਾਰ ਦਿੱਤੀ। ਇਸ ਤੋਂ ਪਹਿਲਾਂ ਉਸ ਨੇ ਆਪਣੇ ਤਾਏ ਦੇ ਲੜਕੇ ਨੂੰ ਫੋਨ ਕਰਕੇ ਗੱਲਬਾਤ ਵੀ ਕੀਤੀ ਅਤੇ ਛਾਲ ਮਾਰਨ ਬਾਰੇ ਵੀ ਸੂਚਿਤ ਕੀਤਾ। ਉਕਤ ਨੌਜਵਾਨ ਨੇ ਪੁਲ ਦੇ ਉੱਪਰ ਆਪਣਾ ਮੋਟਰ ਸਾਈਕਲ ਖੜਾ ਕਰਕੇ ਆਪਣੀਆਂ ਚੱਪਲਾਂ ਉਤਾਰ ਦਿੱਤੀਆਂ।
ਛਾਲ ਮਾਰਨ ਤੋਂ ਪਹਿਲਾਂ ਉਸਨੇ ਆਪਣਾ ਫੋਨ ਵੀ ਮੋਟਰਸਾਈਕਲ 'ਤੇ ਰੱਖ ਦਿੱਤਾ ਸੀ। ਛਾਲ ਮਾਰਨ ਵਾਲੇ ਨੌਜਵਾਨ ਦੇ ਤਾਏ ਦੇ ਲੜਕੇ ਜਰਮਨ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸੁਲਤਾਨਪੁਰ ਲੋਧੀ ਵਿਖੇ ਇੱਕ ਦੁਕਾਨ 'ਤੇ ਪ੍ਰਾਈਵੇਟ ਨੌਕਰੀ ਕਰਦਾ ਸੀ ਅਤੇ ਅੱਜ ਵੀ ਘਰ ਤੋਂ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਉਹ ਕੰਮ 'ਤੇ ਆਇਆ ਸੀ । ਸੂਚਨਾ ਮਿਲਦੇ ਸਾਰ ਹੀ SHO ਸੋਨਮਦੀਪ ਕੌਰ ਥਾਣਾ ਸੁਲਤਾਨਪੁਰ ਲੋਧੀ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗੋਤਾਖੋਰ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਦੀ ਮਦਦ ਨਾਲ ਉਕਤ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ।