ਜਗਰਾਉ (ਨੇਹਾ): ਨਸ਼ਿਆਂ ਦਾ ਕੋਹੜ ਇੱਕ ਹਰੇ ਭਰੇ ਪਰਿਵਾਰ ਦੀ ਜੜ੍ਹ ਵਿੱਚ ਇਸ ਤਰ੍ਹਾਂ ਬੈਠਿਆ ਕਿ ਇੱਕ ਮਾਂ ਦੇ ਛੇ ਪੁੱਤਾਂ ਨੂੰ ਜਵਾਨੀ ਵਿੱਚ ਹੀ ਲੈ ਗਿਆ। ਖੇਤਰ ਵਿੱਚ ਚੱਲ ਰਹੀ ਨਸ਼ਿਆਂ ਦੀ ਮਹਾਂਮਾਰੀ ਕਾਰਨ ਕਥਿਤ ਤੌਰ 'ਤੇ ਆਪਣੇ ਸਾਰੇ ਛੇ ਪੁੱਤਰਾਂ ਨੂੰ ਗੁਆਉਣ ਤੋਂ ਬਾਅਦ ਸਰਕਾਰ ਤੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।
ਛਿੰਦਰ ਕੌਰ ਦੇ ਪਰਿਵਾਰ ਦਾ ਆਖਰੀ ਪੁੱਤਰ ਜਸਵੀਰ ਸਿੰਘ (20) ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਨਹਿਰ ਦੇ ਕਿਨਾਰੇ ਮ੍ਰਿਤਕ ਹਾਲਤ ਵਿੱਚ ਮਿਲਿਆ ਸੀ, ਜਿਸਦੀ ਮੌਤ ਕਥਿਤ ਤੌਰ 'ਤੇ ਨਸ਼ੇ ਦੀ ਵੱਧ ਮਾਤਰਾ (ਓਵਰਡੋਜ਼) ਲੈਣ ਕਾਰਨ ਹੋਈ ਸੀ। ਪਿੰਡ ਸ਼ੇਰੇਵਾਲ ਦੇ ਇਸ ਪਰਿਵਾਰ ਦੀ ਮੁਖੀ ਛਿੰਦਰ ਕੌਰ ਨੇ ਇੱਕ ਦਹਾਕੇ ਤੋਂ ਉਸ ਅੰਦਰ ਪਲ ਰਹੇ ਦਰਦ ਬਾਰੇ ਦੱਸਦਿਆਂ ਕਿਹਾ ਕਿ ਉਸ ਦਾ ਪਤੀ ਮੁਖਤਿਆਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਨੇ ਕਥਿਤ ਤੌਰ 'ਤੇ 2012 ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ।
ਛਿੰਦਰ ਕੌਰ ਆਖਦੀ ਹੈ ਕਿ ਇਸ ਮਗਰੋਂ ਉਸ ਨੇ ਆਪਣੇ ਹੱਥੀ ਸਾਰੇ ਛੇ ਪੁੱਤਰਾਂ ਦਾ ਸਸਕਾਰ ਕੀਤਾ ਹੈ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਕੁਲਵੰਤ ਸਿੰਘ (34) ਦੀ ਕਥਿਤ ਤੌਰ 'ਤੇ 2013 ਵਿੱਚ ਨਸ਼ਿਆਂ ਕਾਰਨ ਮੌਤ ਹੋ ਗਈ ਸੀ, ਮਾਰਚ 2021 ਵਿੱਚ ਗੁਰਦੀਪ ਸਿੰਘ, ਜੁਲਾਈ 2021 ਵਿੱਚ ਜਸਵੰਤ ਸਿੰਘ, ਜਨਵਰੀ 2022 ਵਿੱਚ ਰਾਜੂ ਸਿੰਘ, ਮਾਰਚ 2023 ਵਿੱਚ ਬਲਜੀਤ ਸਿੰਘ ਤੇ ਹੁਣ ਚੰਦਰਾ ਨਸ਼ਾ ਘਰ ਦੇ ਆਖਰੀ ਜਵਾਨ ਪੁੱਤ ਜਸਵੀਰ ਸਿੰਘ ਨੂੰ ਵੀ ਲੈ ਬੈਠਿਆ।



