Punjab: ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪਾਕਿਸਤਾਨ ਤੋਂ ਹਥਿਆਰ ਤਸਕਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ

ਅੰਮ੍ਰਿਤਸਰ (ਰਾਘਵ): ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਇਕ ਵੱਡੇ ਆਪ੍ਰੇਸ਼ਨ ਦੌਰਾਨ ਸਰਹੱਦੋਂ ਪਾਰ ਪਾਕਿਸਤਾਨ ਤੋਂ ਹਥਿਆਰਾਂ ਦੀ ਸਮੱਗਲਿੰਗ ਕਰ ਕੇ ਪੇਂਡੂ ਖੇਤਰਾਂ ਵਿਚ ਸਪਲਾਈ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ, ਜਿਸ ਵਿਚ ਪੁਲਸ ਨੇ ਤਰਸੇਮ ਸਿੰਘ, ਅਮਰਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 2 ਪਿਸਤੌਲਾਂ 9 ਐੱਮ. ਐੱਮ., 1 ਪਿਸਤੌਲ 30 ਬੋਰ, 2 ਜ਼ਿੰਦਾ ਕਾਰਤੂਸ ਅਤੇ 70 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਇਹ ਖੁਲਾਸਾ ਦਿਹਾਤੀ ਪੁਲਸ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨਪੁੱਟ ਸੀ ਕਿ ਮੁਲਜ਼ਮ ਸਰਹੱਦੋਂ ਪਾਰ ਪਾਕਿਸਤਾਨ ਤੋਂ ਹਥਿਆਰਾਂ ਦੀ ਸਮੱਗਲਿੰਗ ਕਰ ਕੇ ਪੇਂਡੂ ਖੇਤਰਾਂ ਵਿਚ ਸਪਲਾਈ ਕਰ ਰਹੇ ਸਨ। ਅੱਜ ਤਿੰਨੋਂ ਮੁਲਜ਼ਮ ਹਥਿਆਰ ਸਪਲਾਈ ਕਰਨ ਜਾ ਰਹੇ ਸਨ, ਜਿਸ ਦੌਰਾਨ ਜਾਲ ਵਿਛਾ ਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੂੰ ਪਾਕਿਸਤਾਨ ਵਿਚ ਬੈਠੇ ਖਾਨ ਤੋਂ ਹਥਿਆਰ ਸਪਲਾਈ ਕੀਤੇ ਜਾ ਰਹੇ ਸਨ ਅਤੇ ਉਹ ਖਤਰਨਾਕ ਗੈਂਗਸਟਰ ਕਿਸ਼ਨ ਸੀ ਜੰਡਿਆਲਾ ਦੇ ਸੰਪਰਕ ਵਿਚ ਸਨ। ਫਿਲਹਾਲ ਪੁਲਸ ਨੇ ਸਾਰੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਜਾਂਚ ਲਈ ਪੁਲਸ ਰਿਮਾਂਡ ਤੇ ਲੈ ਲਿਆ ਹੈ, ਜਿਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।