ਲੁਧਿਆਣਾ (ਜਸਪ੍ਰੀਤ): ਲੁਧਿਆਣਾ ਪੁਲਿਸ ਨੇ ਅੱਧਾ ਕਿਲੋ ਅਫੀਮ ਸਮੇਤ ਭਾਈ ਰਣਧੀਰ ਸਿੰਘ ਨਗਰ ਈ ਬਲਾਕ ਦੇ ਵਾਸੀ ਪਰਮਵੀਰ ਸਿੰਘ ਨੂੰ ਹਿਰਾਸਤ ਵਿੱਚ ਲਿਆ l ਜਾਣਕਾਰੀ ਦਿੰਦਿਆਂ ਕ੍ਰਾਈਮ ਬ੍ਰਾਂਚ 3 ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਪੁਲਿਸ ਪਾਰਟੀ ਵੇਰਕਾ ਮਿਲਕ ਪਲਾਂਟ ਦੇ ਲਾਗੇ ਮੌਜੂਦ ਸੀ। ਇਸੇ ਦੌਰਾਨ ਸੂਚਨਾ ਮਿਲੀ ਕਿ ਮੁਲਜ਼ਮ ਪਰਮਵੀਰ ਸਿੰਘ ਕਰੇਟਾ ਕਾਰ ’ਤੇ ਸਵਾਰ ਹੋ ਕੇ ਬੀਆਰਐਸ ਨਗਰ ਸੀ ਬਲਾਕ ਵਿੱਚ ਅਫੀਮ ਵੇਚਣ ਲਈ ਆਪਣੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ l ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਛਾਪਾਮਾਰੀ ਕਰ ਕੇ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆl ਤਲਾਸ਼ੀ ਦੇ ਦੌਰਾਨ ਮੁਲਜ਼ਮ ਪਰਮਵੀਰ ਸਿੰਘ ਦੇ ਕਬਜ਼ੇ ’ਚੋਂ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ।
ਥਾਣਾ ਸਰਾਭਾ ਨਗਰ ਵਿੱਚ ਮੁਲਜ਼ਮ ਦੇ ਖਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਦੇ ਖਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਪਹਿਲੋਂ ਤੋਂ ਹੀ ਦੋ ਮੁਕੱਦਮੇ ਦਰਜ ਹਨ। ਇੱਕ ਕੇਸ ਵਿੱਚ ਮੁਲਜ਼ਮ ਕੋਲੋਂ ਹੈਰੋਇਨ ਮਿਲੀ ਸੀ ਅਤੇ ਦੂਸਰੇ ਮਾਮਲੇ ਵਿੱਚ ਉਸਦੇ ਕਬਜ਼ੇ ’ਚੋਂ ਕਮਰਸ਼ੀਅਲ ਕੁਆਂਟਿਟੀ ਵਿੱਚ ਅਫੀਮ ਬਰਾਮਦ ਕੀਤੀ ਗਈ ਸੀ। ਜਾਂਚ ਦੇ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਵਿਅਕਤੀ ਕੋਲੋਂ ਨਸ਼ੇ ਖਰੀਦਦਾ ਸੀ l ਮੱਧ ਪ੍ਰਦੇਸ਼ ਵਿੱਚ ਰਹਿਣ ਵਾਲਾ ਵਿਅਕਤੀ ਟ੍ਰੇਨ ਦੇ ਜ਼ਰੀਏ ਲੁਧਿਆਣਾ ਆਉਂਦਾ ਅਤੇ ਪਰਮਵੀਰ ਸਿੰਘ ਉਸ ਕੋਲੋਂ ਨਸ਼ੀਲੇ ਪਦਾਰਥ ਹਾਸਲ ਕਰ ਲੈਂਦਾ l ਨਵਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਉਸ ਮੁਲਜ਼ਮ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਵੇਗੀ l ਮੰਗਲਵਾਰ ਦੁਪਹਿਰ ਤੋਂ ਬਾਅਦ ਮੁਲਜ਼ਮ ਪਰਮਵੀਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ l ਪੁਲਿਸ ਦਾ ਮੰਨਣਾ ਹੈ ਕਿ ਪੁੱਛਗਿੱਛ ਦੇ ਦੌਰਾਨ ਕਈ ਖੁਲਾਸੇ ਹੋ ਸਕਦੇ ਹਨ।