ਹੁਸ਼ਿਆਰਪੁਰ (ਰਾਘਵ): ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਅੱਜ ਗੜ੍ਹਸ਼ੰਕਰ ਦੇ ਪਿੰਡ ਬਸਤੀ ਸੈਂਸੀਆਂ ਵਿੱਖੇ ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਅਤੇ ਪੰਚਾਇਤ ਦੀ ਮਾਲਕੀ ਵਾਲੀ ਜ਼ਮੀਨ 'ਤੇ ਕਬਜ਼ੇ ਕਰਕੇ ਬਣਾਏ ਮਕਾਨਾਂ 'ਤੇ ਬੀ. ਡੀ. ਪੀ. ਓ, ਮਾਲ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੀ ਅਗਵਾਈ ਵਿੱਚ ਪੀਲਾ ਪੰਜਾ ਚਲਾਇਆ ਗਿਆ।
ਇਸ ਮੌਕੇ ਪੰਚਾਇਤ, ਮਾਲ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡ ਦੀ ਪੰਚਾਇਤ ਮੈਂਬਰ ਵੀ ਮੌਜੂਦ ਸਨ। ਪੁਲਸ ਦੀ ਨਸ਼ਾ ਵਿਰੁੱਧ ਤਸਕਰਾਂ ਖ਼ਿਲਾਫ਼ ਕਾਰਵਾਈ ਵੇਖਣ ਲਈ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਅੱਜ ਕਰੀਬ 12 ਵਜੇ ਐੱਸ. ਐੱਸ. ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ, ਐੱਸ. ਪੀ. ਡੀ. ਮੇਜਰ ਸਿੰਘ ਦੀ ਅਗਵਾਈ ਹੇਠ ਡੀ. ਐੱਸ. ਪੀ. ਗੜ੍ਹਸ਼ੰਕਰ ਜਸਪ੍ਰੀਤ ਸਿੰਘ, ਐੱਸ. ਐੱਚ. ਓ. ਗੜ੍ਹਸ਼ੰਕਰ ਗਗਨਦੀਪ ਸਿੰਘ ਸੇਖੋਂ ਅਤੇ ਬੀ. ਡੀ. ਪੀ. ਓ. ਗੜ੍ਹਸ਼ੰਕਰ ਮਨਜਿੰਦਰ ਕੌਰ ਦੀ ਦੇਖਰੇਖ ਹੇਠ ਨਸ਼ਾ ਤਸਕਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਜੇ. ਸੀ. ਬੀ. ਨਾਲ ਢਾਹੁਣ ਦਾ ਕੰਮ ਸ਼ੁਰੂ ਕੀਤਾ ਗਿਆ। ਸ਼ਾਮ ਤੱਕ ਤਿੰਨ ਮਕਾਨ ਢਾਹ ਦਿੱਤੇ ਗਏ ਸਨ। ਇਸ ਮੌਕੇ ਗੱਲਬਾਤ ਕਰਦੇ ਹੋਏ ਸੰਦੀਪ ਕੁਮਾਰ ਮਲਿਕ ਐੱਸ. ਐੱਸ. ਪੀ. ਹੁਸ਼ਿਆਰਪੁਰ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਪਿੰਡ ਬਸਤੀ ਸੈਂਸੀਆਂ ਵਿੱਖੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਵਲੋਂ ਗੈਰ-ਕਾਨੂੰਨੀ ਤਰੀਕੇ ਬਣਾਏ ਮਕਾਨਾਂ ਨੂੰ ਢਾਇਆ ਗਿਆ।



