Punjab: ਫਰਦ ਬਣਾਉਣ ਵਾਲਿਆਂ ਲਈ ਵੱਡੀ ਖ਼ਬਰ

by nripost

ਪਟਿਆਲਾ (ਰਾਘਵ) : ਸੂਬੇ ਅੰਦਰ 2007 ਵਿਚ ਲੋਕਾਂ ਦੀ ਸਹੂਲਤ ਲਈ ਫਰਦ ਲੈਣ ਦੀ ਪ੍ਰੀਕਿਰਿਆ ਨੂੰ ਆਸਾਨ ਬਣਾਉਂਦਿਆਂ ਆਨਲਾਈਨ ਫਰਦ ਕੇਂਦਰ ਪ੍ਰਾਜੈਕਟ ਸ਼ੁਰੂ ਕੀਤੇ ਗਏ, ਜਿਸ ਦੇ 18 ਸਾਲ ਲੰਘਣ ਤੋਂ ਬਾਅਦ ਹੁਣ ਸੂਬੇ ਭਰ ਦੇ 900 ਤੋਂ ਵੱਧ ਫਰਦ ਕੇਂਦਰਾਂ ’ਚ ਕੰਮ ਕਰਦੇ ਮੁਲਾਜ਼ਮਾਂ ਦੇ ਸੇਵਾ ਕਾਲ ਵਿਚ ਵਾਧਾ ਨਾ ਹੋਣ ਕਾਰਨ ਬੇਰੁਜ਼ਗਾਰੀ ਦੀ ਤਲਵਾਰ ਲਟਕਦੀ ਦਿਖਾਈ ਦੇ ਰਹੀ ਹੈ, ਜਿਸ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਸਮੁੱਚੇ ਕਰਮਚਾਰੀ ਕਲਮਛੋੜ ਹੜਤਾਲ ’ਤੇ ਚਲੇ ਗਏ ਸਨ। ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਕੰਟਰੈਕਟ ਵਧਾਉਣ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਸਮੁੱਚੇ ਕਰਮਚਾਰੀਆਂ ਵੱਲੋਂ ਹੜਤਾਲ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਸਮੁੱਚੇ ਫਰਦ ਕੇਂਦਰਾਂ ’ਚ ਫਰਦ ਦੇਣ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ। ਕੰਮ ਦੇ ਮੁੜ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ 18 ਸਾਲਾਂ ਤੋਂ ਇਹ ਕਰਮਚਾਰੀ ਨਾਮਾਤਰ ਤਨਖਾਹਾਂ ’ਤੇ ਲੋਕ ਹਿੱਤ ਲਈ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਹੜਤਾਲ ’ਤੇ ਬੈਠੇ ਸਮੁੱਚੇ ਕਰਮਚਾਰੀਆਂ ਵਿਚ ਗੁਰਦੀਪ ਸਿੰਘ, ਗਗਨ, ਕਮਲ, ਰਣਜੀਤ, ਗੁਰਸਿਮਰਨ, ਜਸਵੀਰ ਕੌਰ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿਸ਼ਵਾਸ ਦਿਵਾਉਣ ਉਪਰੰਤ ਫਰਦ ਕੇਂਦਰ ਮੁੜ ਤੋਂ ਤਿੰਨ ਦਿਨਾਂ ਬਾਅਦ ਚਾਲੂ ਕੀਤੇ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਭਰ ਦੇ 900 ਤੋਂ ਵੱਧ ਫਰਦ ਕੇਂਦਰਾਂ ਦੇ ਮੁਲਾਜ਼ਮਾਂ ਦੇ ਠੇਕੇ ਦਾ ਸਮਾਂ 31 ਅਕਤੂਬਰ 2024 ਨੂੰ ਖ਼ਤਮ ਹੋ ਚੁੱਕਾ ਹੈ, ਜਿਸ ਤੋਂ ਬਾਅਦ ਸਰਕਾਰ ਨੇ ਮੁਲਾਜ਼ਮਾਂ ਦੀ ਡਿਊਟੀ ਪ੍ਰਤੀ ਕੋਈ ਨਵਾਂ ਕੰਟਰੈਕਟ ਸਾਈਨ ਨਹੀਂ ਹੋਇਆ, ਜਿਸ ਕਰਕੇ ਸਮੁੱਚੇ ਮੁਲਾਜ਼ਮਾਂ ਦਾ ਬੇਰੁਜ਼ਗਾਰ ਹੋਣਾ ਲਾਜ਼ਮੀ ਨਜ਼ਰ ਆ ਰਿਹਾ ਹੈ।