ਅੰਮ੍ਰਿਤਸਰ (ਰਾਘਵ): ਇਕ ਪਾਸੇ ਜਿਥੇ ਅਮਰੀਕਾ ਵਿਚੋਲਗੀ ਦੇ ਚਲਦੇ ਭਾਰਤ-ਪਾਕਿਸਤਾਨ ਜੰਗ ’ਚ ਜੰਗਬੰਦੀ ਹੋ ਚੁੱਕੀ ਹੈ ਤਾਂ ਉਥੇ ਦੂਜੇ ਪਾਸੇ ਪਾਕਿਸਤਾਨ ਦੀ ਨਾਪਾਕ ਹਰਕਤਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਹੁਣ ਵੀ ਪੂਰੀ ਤਰ੍ਹਾਂ ਨਾਲ ਅਲਰਟ ’ਤੇ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ 12 ਮਈ ਨੂੰ ਵੀ ਜ਼ਿਲ੍ਹੇ ਦੇ ਸਾਰੇ ਸਕੂਲ ਅਤੇ ਸਿੱਖਿਆ ਸੰਸਥਾਵਾਂ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹੁਕਮਾਂ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਕੋਈ ਵੀ ਸਕੂਲ ਆਪਣੇ ਅਧਿਆਪਕਾਂ ਨੂੰ ਸਕੂਲ ਨਹੀਂ ਬੁਲਾਏਗਾ, ਹਾਲਾਂਕਿ ਪ੍ਰਸ਼ਾਸਨ ਨੇ ਸਕੂਲਾਂ ਨੂੰ ਔਨਲਾਈਨ ਕਲਾਸਾਂ ਲਗਾਉਣ ਦਾ ਵਿਕਲਪ ਦਿੱਤਾ ਹੈ।
ਹਾਲਾਤਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਬਲੈਕ ਆਊਟ ਦਾ ਐਲਾਨ ਤਾਂ ਨਹੀਂ ਕੀਤਾ ਪਰ ਫਿਰ ਵੀ ਆਮ ਜਨਤਾ ਨੂੰ ਅਲਰਟ ਰਹਿਣ ਲਈ ਅਪੀਲ ਜ਼ਰੂਰ ਕੀਤੀ ਹੈ ਕਿਉਂਕਿ ਪਾਕਿਸਤਾਨ ਵਰਗੇ ਦੇਸ਼ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ। ਪਾਕਿਸਤਾਨ ਨੇ 1965 ਤੇ 71 ਦੀ ਜੰਗ ’ਚ ਵੀ ਪਿੱਠ ’ਤੇ ਛੁਰਾ ਮਾਰਨ ਦਾ ਕੰਮ ਕੀਤਾ ਸੀ ਅਤੇ ਕਾਰਗਿਲ ਜੰਗ ’ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਸੀ ਇਸ ਲਈ ਕੇਂਦਰ ਅਤੇ ਸੂਬਾ ਸਰਕਾਰ ਹਰ ਕਦਮ ਫੂਕ-ਫੂਕ ਕੇ ਰੱਖ ਰਹੀ ਹੈ ਤਾਂਕਿ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਅਤੇ ਆਮ ਜਨਤਾ ਸੁਖੀ ਰਹਿ ਸਕੇ।



