ਫ਼ਤਹਿਗੜ੍ਹ ਚੂੜੀਆਂ (ਨੇਹਾ): ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਅਧੀਨ ਪੈਂਦੇ ਪਿੰਡ ਪੱਬਾਰਾਲੀ ਕਲਾਂ ਦੀ ਇੱਕ 62 ਸਾਲਾ ਔਰਤ, ਮਾਲੇਵਾਲ ਪੁਲ ਨੇੜੇ ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਪਾਈ ਗਈ। ਮ੍ਰਿਤਕਾ ਦੀ ਧੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਵੀਰਵਾਰ ਸਵੇਰੇ ਲਗਪਗ 9:30 ਵਜੇ, ਉਨ੍ਹਾਂ ਦੀ ਮਾਂ ਸਵਰਨ ਕੌਰ, ਜੋ ਪੱਬਾਰਾਲੀ ਕਲਾਂ ਦੇ ਰਹਿਣ ਵਾਲੇ ਮਹਿੰਦਰ ਸਿੰਘ ਦੀ ਪਤਨੀ ਸੀ, ਤਲਵੰਡੀ ਰਾਮਾ ਬੈਂਕ ਤੋਂ ਆਪਣੀ ਪੈਨਸ਼ਨ ਕਢਵਾਉਣ ਗਈ ਸੀ। ਉਸ ਤੋਂ ਬਾਅਦ ਉਹ ਅੱਡਾ ਕਾਲਾ ਅਫਗਾਨਾ ਵਿਖੇ ਦਵਾਈ ਲੈਣ ਚਲੇ ਗਏ। ਉਹਨਾਂ ਕਿਹਾ ਕਿ ਸਾਡੀ ਮਾਤਾ ਨਾਲ ਕਰੀਬ 2 ਵਜੇ ਤੱਕ ਫੋਨ ਤੇ ਗੱਲਬਾਤ ਹੋਈ, ਪਰ ਉਸ ਤੋਂ ਬਾਅਦ ਉਹਨਾਂ ਦਾ ਫੋਨ ਬੰਦ ਹੋ ਗਿਆ ।
ਉਹਨਾਂ ਕਿਹਾ ਕਿ ਸ਼ਾਮ ਤੱਕ ਮਾਤਾ ਘਰ ਨਾ ਪੁੱਜੀ ਤਾਂ ਉਹਨਾਂ ਨੂੰ ਫ਼ਿਕਰ ਪੈ ਗਈ ਤੇ ਮਾਤਾ ਨੂੰ ਲੱਭਣ ਲਈ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਗਏ ਪਰ ਮਾਤਾ ਦੀ ਕੋਈ ਵੀ ਪਤਾ ਨਹੀਂ ਮਿਲਿਆ। ਉਹਨਾਂ ਦੱਸਿਆ ਕਿ ਜਿਸ ਤੋਂ ਬਾਅਦ ਪੁਲਿਸ ਥਾਣਾ ਫਤਿਹਗੜ੍ਹ ਚੂੜੀਆਂ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਵੀ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ, ਪਰ ਸ਼ੁੱਕਰਵਾਰ ਨੂੰ ਮਾਤਾ ਦੀ ਪਿੰਡ ਮਾਲੇਵਾਲ ਦੇ ਨਜ਼ਦੀਕ ਪੁਲ ਦੇ ਨੇੜਿਓ ਭੇਦ ਭਰੇ ਹਾਲਾਤ ਵਿੱਚ ਲਾਸ਼ ਮਿਲੀ ਹੈ। ਪਰਿਵਾਰ ਨੇ ਖਦਸਾ ਜਤਾਇਆ ਹੈ ਕਿ ਉਹਨਾਂ ਦੀ ਮਾਤਾ ਨੂੰ ਕਿਸੇ ਨੇ ਅਗਵਾ ਕਰਕੇ ਲਾਸ਼ ਨੂੰ ਮਾਲੇਵਾਲ ਪੁੱਲ ਦੇ ਨਜ਼ਦੀਕ ਸੁੱਟਿਆ ਗਿਆ ਹੈ।ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਦੀ ਨਿਰਪੱਖ ਜਾਂਚ ਕਰਕੇ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲਗਾਇਆ ਜਾਵੇ।
ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਡੀਐਸਪੀ ਫਤਿਹਗੜ੍ਹ ਚੂੜੀਆਂ ਵਿਪਨ ਕੁਮਾਰ ਨਾਲ ਤੇ ਫੋਨ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮ੍ਰਿਤਕ ਔਰਤ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮੁੱਢਲੀ ਕਾਰਵਾਈ ਕਰਦਿਆਂ ਲਾਸ਼ ਦਾ ਸਿਵਲ ਹਸਪਤਾਲ ਬਟਾਲਾ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



