ਪੰਜਾਬ ਕਾਂਗਰਸ ‘ਚ ਲੱਗੀ ਅਸਤੀਫ਼ਿਆਂ ਦੀ ਝੜੀ, ਪੰਜਾਬ ਪ੍ਰਧਾਨ ਅਤੇ ਮੰਤਰੀ ਸਣੇ ਕੀ ਅਹੁਦੇਦਾਰਾ ਨੇ ਦਿੱਤੇ ਅਸਤੀਫੇ, ਜਾਣੋ ਕਿਉਂ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ)- ਪੰਜਾਬ ਦੀ ਕਾਂਗਰਸ 'ਚ ਸਚਮੁੱਚ ਭੂਚਾਲ ਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੈਦਾ ਹੋਇਆ ਪੰਜਾਬ ਕਾਂਗਰਸ ਵਿਚਲਾ ਕਲੇਸ਼ ਅਜੇ ਤਕ ਚੱਲ ਰਿਹਾ ਹੈ। ਕੁੱਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ, ਖ਼ਜ਼ਾਨਚੀ ਗੁਲਜ਼ਾਰ ਇੰਦਰ ਚਾਹਲ ਤੋਂ ਬਾਅਦ ਪੰਜਾਬ ਦੀ ਨਵੀਂ ਬਣੀ ਕੈਬਨਿਟ ਦੀ ਮੰਤਰੀ ਰਜ਼ੀਆ ਸੁਲਤਾਨਾ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਯੋਗਿੰਦਰ ਢੀਂਗਰਾ ਨੇ ਵੀ ਆਪਣੇ-ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੰਜਾਬ ਕਾਂਗਰਸ ਨੂੰ ਮੰਗਲਵਾਰ ਨੂੰ 4 ਝਟਕੇ ਲੱਗੇ ਹਨ। ਰਜ਼ੀਆ ਸੁਲਤਾਨਾ ਨੇ ਇਹ ਅਸਤੀਫ਼ਾ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਦਿੱਤਾ ਹੈ। ਪੰਜਾਬ ਕਾਂਗਰਸ ਦੀ ਨਵੀਂ ਵਜ਼ਾਰਤ ਨੇ ਐਤਵਾਰ ਨੂੰ ਹੀ ਹਲਫ਼ ਲਿਆ ਸੀ।

ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਜ਼ੀਆ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਅਹੁਦੇ ਦੀ ਲਾਲਸਾ ਨਹੀਂ ਹੈ। ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਹਮੇਸ਼ਾ ਖੜ੍ਹੇ ਰਹਿਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਨਹੀਂ ਛੱਡਣਗੇ। ਜ਼ਿਕਰਯੋਗ ਹੈ ਕਿ ਪਟਿਆਲਾ 'ਚ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ 'ਤੇ ਮੀਟਿੰਗ ਚੱਲ ਰਹੀ ਹੈ ਜਿਸ ਵਿਚ ਕਈ ਆਗੂ ਤੇ ਮੰਤਰੀ ਸ਼ਾਮਲ ਹਨ। ਸੂਤਰਾਂ ਅਨੁਸਾਰ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫ਼ਾ ਨੇ ਵੀ ਅੱਜ ਸਿੱਧੂ ਨਾਲ ਮੁਲਾਕਾਤ ਕੀਤੀ ਹੈ।

ਪੰਜਾਬ ਕਾਂਗਰਸ 'ਚ ਚੱਲ ਰਿਹਾ ਸੰਕਟ ਹੁਣ ਮਹਾਸੰਕਟ ਦੇ ਰੂਪ 'ਚ ਬਦਲਦਾ ਨਜ਼ਰ ਆ ਰਿਹਾ ਹੈ ਜੋ ਕਿ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਹੁਣ ਕਾਂਗਰਸ ਦੇ ਜਨਰਲ ਸਕੱਤਰ ਯੋਗਿੰਦਰ ਢੀਂਗਰਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਰਜ਼ੀਆ ਸੁਲਤਾਨਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਅੱਜ ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨੂੰ ਟਵੀਟ ਰਾਹੀਂ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਕਾਂਗਰਸ 'ਚ ਹਫੜਾ-ਦਫੜਾ ਮਚ ਗਈ ਸੀ। ਨਵਜੋਤ ਸਿੱਧੂ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਏ ਗਏ ਕੁਝ ਫੈਸਲਿਆਂ ਕਾਰਨ ਨਾਰਾਜ਼ ਚੱਲ਼ ਰਹੇ ਹਨ, ਜਿਨ੍ਹਾਂ ਨੂੰ ਲੈ ਕੇ ਹੀ ਨਵਜੋਤ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫੇ ਦੇ ਦਿੱਤਾ ਹੈ। ਸਿੱਧੂ ਦੇ ਅਸਤੀਫੇ ਦੇਣ ਦਾ ਸਭ ਤੋਂ ਵੱਡਾ ਕਾਰਨ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਕੁਝ ਖਾਸ ਲੋਕਾਂ ਨੂੰ ਕੈਬਨਿਟ 'ਚ ਸ਼ਾਮਲ ਕਰਨਾ ਵੀ ਦੱਸਿਆ ਜਾ ਰਿਹਾ ਹੈ ਅਤੇ ਕੁਝ ਅਧਿਕਾਰੀਆਂ ਦੀਆਂ ਨਿਯੁਕਤੀਆਂ ਵੀ ਆਪਣੀ ਇੱਛਾ ਮੁਤਾਬਕ ਕਰਨਾ ਦੱਸਿਆ ਜਾ ਰਿਹਾ ਹੈ।